ਅਮਰੀਕਾ ਤੋਂ ਚੱਲ ਰਹੇ ਨਸ਼ਾ ਤਸਕਰੀ ਦੇ ਗਿਰੋਹ ਦਾ ਪਰਦਾਫਾਸ਼, ਅੰਤਰਾਸ਼ਟਰੀ ਮਾਰਕੀਟ ’ਚ ਕੀਮਤ 90 ਕਰੋੜ

ਅਮਰੀਕਾ ਤੋਂ ਨਸ਼ਾ ਤਸਕਰੀ ਦੇ ਚੱਲ ਰਹੇ ਗਿਰੋਹ ਸਬੰਧੀ ਜ਼ਿਲ੍ਹਾ ਪੁਲਸ ਗੁਰਦਾਸਪੁਰ ਨੇ ਇਕ ਔਰਤ ਸਮੇਤ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਨਾਲ ਹੀ ਉਨ੍ਹਾਂ ਤੋਂ 18 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਜਿਸ ਦੀ ਅੰਤਰਾਸ਼ਟਰੀ ਮਾਰਕੀਟ ਵਿਚ ਕੀਮਤ 90 ਕਰੋੜ ਰੁਪਏ ਦੱਸੀ ਜਾ ਰਹੀ ਹੈ। ਜ਼ਿਲ੍ਹਾ ਪੁਲਸ ਮੁਖੀ ਹਰੀਸ਼ ਕੁਮਾਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਰਾਤ ਬਰਿਆਰ ਬਾਈਪਾਸ ਤੋਂ ਇਕ ਸੂਚਨਾ ਦੇ ਆਧਾਰ ’ਤੇ ਪਠਾਨਕੋਟ ਸਾਈਡ ਤੋਂ ਆ ਰਹੀ ਇਕ ਸਿਫਟ ਡਿਜਾਈਰ ਕਾਰ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਗਿਆ । ਜਿਸ ਵਿਚ ਇਕ ਔਰਤ ਸਮੇਤ ਤਿੰਨ ਵਿਅਕਤੀ ਸਵਾਰ ਸਨ। ਕਾਰ ’ਚ ਸਵਾਰ ਲੋਕਾਂ ਤੋਂ ਪੁੱਛਗਿਛ ਕਰਨ ’ਤੇ ਇਨ੍ਹਾਂ ਨੇ ਆਪਣੀ ਪਹਿਚਾਣ ਬਿਕਰਮਜੀਤ ਸਿੰਘ ਉਰਫ਼ ਵਿੱਕੀ ਪੁੱਤਰ ਸਵਰਨ ਸਿੰਘ ਵਾਸੀ ਜਖੇਪਲ ਥਾਣਾ ਧਰਮਗੜ੍ਹ ਜ਼ਿਲ੍ਹਾ ਸੰਗਰੂਰ, ਸੰਦੀਪ ਕੌਰ ਉਰਫ਼ ਹਰਮਨ ਪਤਨੀ ਪਰਮਿੰਦਰ ਸਿੰਘ ਵਾਸੀ ਮੀਮਸਾ ਥਾਣਾ ਧੂਰੀ ਜ਼ਿਲ੍ਹਾ ਸੰਗਰੂਰ ਅਤੇ ਕੁਲਦੀਪ ਸਿੰਘ ਉਰਫ਼ ਕਾਲਾ ਪੁੱਤਰ ਦਰਸ਼ਨ ਸਿੰਘ ਵਾਸੀ ਗੁੱੜਦੀ ਪੁਲਸ ਸਟੇਸ਼ਨ ਭਿੱਖੀ ਜ਼ਿਲ੍ਹਾ ਮਾਨਸਾ ਵਜੋਂ ਦੱਸੀ।

ਇਹ ਗਿਰੋਹ ਤਰਨਤਾਰਨ ਇਲਾਕੇ ਤੋਂ ਪਹਿਲਾਂ ਵੀ ਪਾਕਿਸਤਾਨ ਤੋਂ ਆਈ ਚਾਰ-ਪੰਜ ਹੈਰੋਇਨ ਦੀਆਂ ਖੇਪਾਂ ਨੂੰ ਅਮਰੀਕਾ ’ਚ ਰਹਿਣ ਵਾਲੇ ਮਨਦੀਪ ਧਾਲੀਵਾਲ ਨਾਂ ਦੇ ਇਕ ਵੱਡੇ ਤਸੱਕਰ ਦੇ ਕਹਿਣ ’ਤੇ ਬਾਰਡਰ ਤੋਂ ਚੁੱਕ ਕੇ ਉਸ ਦੇ ਵੱਲੋਂ ਦੱਸੇ ਟਿਕਾਣੇ ਤੇ ਪਹੁੰਚਾ ਵੀ ਚੁੱਕੇ ਹਨ। ਜ਼ਿਲ੍ਹਾ ਪੁਲਸ ਮੁਖੀ ਹਰੀਸ ਕੁਮਾਰ ਨੇ ਦੱਸਿਆ ਕਿ ਵੇਖਣ ਤੋਂ ਇੰਝ ਲੱਗਦਾ ਸੀ ਕਿ ਕਾਰ ਵਿਚ ਕੋਈ ਵੀ ਇਤਰਾਜ਼ਯੋਗ ਚੀਜ਼ ਨਹੀਂ ਹੈ ਪਰ ਜਦੋਂ ਡੂੰਘਾਈ ਨਾਲ ਕਾਰ ਦੀ ਜਾਂਚ ਕੀਤੀ ਗਈ ਤਾਂ ਡਰਾਈਵਰ ਸੀਟ ਤੇ ਡਰਾਈਵਰ ਦੇ ਨਾਲ ਦੀ ਸੀਟ ਦੇ ਹੇਠਾਂ ਬਹੁਤ ਹੀ ਚੰਗੇ ਢੰਗ ਨਾਲ ਬਕਸ਼ੇ ਬਣਾਏ ਗਏ ਸਨ, ਇਨਾਂ ਬਕਸ਼ਿਆਂ ਦੀ ਜਾਂਚ ਕਰਨ ‘ਤੇ 18 ਕਿੱਲੋਂ ਹੈਰੋਇਨ ਬਰਾਮਦ ਹੋਈ। ਕਾਰ ‘ਚ ਇਕ ਕੈਮਰਾ ਬਰਾਮਦ ਹੋਇਆ। ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਇਨ੍ਹਾਂ ਤੋਂ ਪੁੱਛਗਿਛ ਤੇ ਪਤਾ ਲੱਗਾ ਕਿ ਇਹ ਦੋਸ਼ੀ ਇਹ ਹੈਰੋਇਨ ਸ਼੍ਰੀਨਗਰ ਤੋਂ ਲੈ ਕੇ ਆਏ ਹਨ ਅਤੇ ਇਨ੍ਹਾਂ ਨੇ ਦੱਸਿਆ ਕਿ ਅਮਰੀਕਾ ਵਿਚ ਬੈਠੇ ਮਨਦੀਪ ਸਿੰਘ ਦੇ ਹੁਕਮ ਅਨੁਸਾਰ ਅਸੀਂ ਇਹ ਕਾਰ ਦੀ ਚਾਬੀ ਕਿਸੇ ਅਣਪਛਾਤੇ ਵਿਅਕਤੀ ਨੂੰ ਦਿੱਤੀ ਸੀ ਅਤੇ ਉਸ ਨੇ ਹੀ ਕਾਰ ਵਿਚ ਹੈਰੋਇਨ ਰੱਖ ਕੇ ਸਾਨੂੰ ਵਾਪਸ ਕੀਤੀ ਸੀ ਅਤੇ ਅਮਰੀਕਾ ਬੈਠੇ ਮਨਦੀਪ ਧਾਲੀਵਾਲ ਦੇ ਕਹਿਣ ਤੇ ਅੰਮ੍ਰਿਤਸਰ ਵਿਚ ਬੈਠੇ ਕਿਸੇ ਨੂੰ ਪਹੁੰਚਾਉਣੀ ਸੀ।

Leave a Reply

Your email address will not be published. Required fields are marked *