ਆਦਿਵਾਸੀਆਂ ਨੂੰ ਵਨਵਾਸੀ ਕਹਿਣਾ ਪੂਰੇ ਭਾਰਤ ਦਾ ਅਪਮਾਨ : ਰਾਹੁਲ ਗਾਂਧੀ

ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਆਦਿਵਾਸੀਆਂ ਦੇ ਅਧਿਕਾਰਾਂ ਦੇ ਮੁੱਦੇ ’ਤੇ ਬੁੱਧਵਾਰ ਨੂੰ ਭਾਰਤੀ ਜਨਤਾ ਪਾਰਟੀ ਅਤੇ ਰਾਸ਼ਟਰੀ ਸਵੈ-ਸੇਵਕ ਸੰਘ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਆਦਿਵਾਸੀਆਂ ਨੂੰ ਵਨਵਾਸੀ ਕਹਿਣਾ ਪੂਰੇ ਭਾਰਤ ਦਾ ਅਪਮਾਨ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਆਦਿਵਾਸੀਆਂ ਨੂੰ ‘ਵਨਵਾਸੀ’ ਕਹਿੰਦੀ ਹੈ ਅਤੇ ਫਿਰ ਉਨ੍ਹਾਂ ਦੇ ਜੰਗਲਾਂ ਨੂੰ ਉਨ੍ਹਾਂ ਕੋਲੋਂ ਖੋਹ ਕੇ ਉਦਯੋਗਪਤੀਆਂ ਨੂੰ ਦੇ ਦਿੰਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਆਦਿਵਾਸੀਆਂ ਨੂੰ ਵੀ ਬਾਕੀ ਨਾਗਰਿਕਾਂ ਦੇ ਸਮਾਨ ਸੁਪਨੇ ਦੇਖਣ ਦਾ ਮੌਕਾ ਅਤੇ ਅਧਿਕਾਰ ਮਿਲਣਾ ਚਾਹੀਦਾ ਹੈ। ਰਾਹੁਲ ਗਾਂਧੀ ‘ਵਿਸ਼ਵ ਆਦਿਵਾਸੀ ਦਿਵਸ’ ’ਤੇ ਰਾਜਸਥਾਨ ’ਚ ਬਾਂਸਵਾੜਾ ਜ਼ਿਲੇ ਦੇ ਇਤਿਹਾਸਕ ਮਾਨਗੜ੍ਹ ਧਾਮ ’ਚ ਆਯੋਜਿਤ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਰਾਜਸਥਾਨ-ਗੁਜਰਾਤ ਦੀ ਹੱਦ ’ਤੇ ਸਥਿਤ ਬਾਂਸਵਾੜਾ ਜ਼ਿਲੇ ਦਾ ਮਾਨਗੜ੍ਹ ਧਾਮ ਇਕ ਇਤਿਹਾਸਕ ਸਥਾਨ ਹੈ, ਜਿੱਥੇ 1913 ਵਿਚ ਅੰਗਰੇਜ਼ਾਂ ਦੀ ਗੋਲੀਬਾਰੀ ’ਚ ਸੈਂਕੜੇ ਆਦਿਵਾਸੀ ਮਾਰੇ ਗਏ ਸਨ। ਭਾਜਪਾ ’ਤੇ ਤੰਜ ਕੱਸਦੇ ਹੋਏ ਕਾਂਗਰਸ ਨੇਤਾ ਗਾਂਧੀ ਨੇ ਕਿਹਾ ਕਿ ਹੁਣ ਭਾਜਪਾ ਨੇ ਨਵਾਂ ਸ਼ਬਦ ਕੱਢਿਆ ਹੈ-ਵਨਵਾਸੀ। ਵਨਵਾਸੀ ਦਾ ਮਤਲਬ ਜੋ ਜੰਗਲ ’ਚ ਰਹਿੰਦੇ ਹਨ। ਅਸੀਂ ਤੁਹਾਨੂੰ ਆਦਿਵਾਸੀ ਕਹਿੰਦੇ ਹਾਂ…(ਜਿਸਦਾ ਮਤਲਬ ਹੈ) ਇਹ ਪੂਰੇ ਦਾ ਪੂਰੇ ਦੇਸ਼ ਤੁਹਾਡਾ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਜੋ ਵੀ ਕਰਨਾ ਚਾਹੋ, ਉਸ ’ਚ ਸਫਲ ਹੋਵੋ। ਅਸੀਂ ਚਾਹੁੰਦੇ ਹਾਂ ਤੁਸੀਂ ਆਪਣੇ ਬੱਚਿਆਂ ਲਈ ਜੋ ਵੀ ਸੁਪਨਾ ਵੇਖਣਾ ਚਾਹੁੰਦੇ ਹੋ, ਤੁਹਾਡਾ ਉਹ ਸੁਪਨਾ ਪੂਰਾ ਹੋਣਾ ਚਾਹੀਦਾ ਹੈ।

ਭਾਜਪਾ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਕਿਹਾ ਕਿ ਉਹ ਕਹਿੰਦੇ ਹਨ ਕਿ ਤੁਸੀਂ ਆਦਿਵਾਸੀ ਨਹੀਂ ਹੋ… ਤੁਸੀਂ ਹਿੰਦੁਸਤਾਨ ਦੇ ਪਹਿਲੇ ਨਿਵਾਸੀ ਨਹੀਂ ਹੋ …. ਮਤਲਬ ਤੁਸੀਂ ਇਸ ਦੇਸ਼ ਦੇ ਓਰਿਜਨਲ (ਮੂਲ) ਮਾਲਕ ਨਹੀਂ ਹੋ, ਤੁਸੀਂ ਤਾਂ ਜੰਗਲ ’ਚ ਰਹਿੰਦੇ ਹੋ। ਇਹ ਤੁਹਾਡਾ ਅਪਮਾਨ ਹੈ। ਇਹ ਭਾਰਤ ਮਾਤਾ ਦਾ ਅਪਮਾਨ ਹੈ। ਸਿਰਫ ਆਦਿਵਾਸੀਆਂ ਦਾ ਨਹੀਂ, ਪੂਰੇ ਦੇਸ਼ ਦਾ ਅਪਮਾਨ ਹੈ। ਭਾਜਪਾ…ਆਰ. ਐੱਸ. ਐੱਸ. ਚਾਹੁੰਦੀ ਹੈ ਕਿ ਤੁਸੀਂ ਜੰਗਲਾਂ ’ਚ ਰਹੋ, ਜੰਗਲਾਂ ਦੇ ਬਾਹਰ ਨਾ ਨਿਕਲੋ, ਤੁਹਾਡੇ ਬੱਚੇ ਡਾਕਟਰ, ਇੰਜੀਨੀਅਰ, ਲਾਇਰ (ਵਕੀਲ) ਨਾ ਬਣਨ , ਬਿਜ਼ਨੈੱਸ ਨਾ ਚਲਾਉਣ, ਪ੍ਰੋਫੈਸਰ ਨਾ ਬਣਨ , ਹਵਾਈ ਜਹਾਜ਼ ਨਾ ਉਡਾਉਣ … ਉਹ ਤੁਹਾਡੇ ’ਤੇ ਵਨਵਾਸੀ ਦਾ ਠੱਪਾ ਲਾਉਣਾ ਚਾਹੁੰਦੀ ਹੈ।

Leave a Reply

Your email address will not be published. Required fields are marked *