ਇਮਰਾਨ ਖਾਨ ਨੂੰ 5 ਸਾਲਾਂ ਲਈ ਐਲਾਨਿਆ ‘ਅਯੋਗ’, ਖਟਮਲਾਂ ਨਾਲ ਭਰੀ ਕੋਠੜੀ ’ਚ ਰੱਖਿਆ

ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਭ੍ਰਿਸ਼ਟਾਚਾਰ ਦੇ ਇਕ ਮਾਮਲੇ ’ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਜੇਲ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ 5 ਸਾਲਾਂ ਲਈ ਅਯੋਗ ਐਲਾਨ ਦਿੱਤਾ। ਇਸਲਾਮਾਬਾਦ ਦੀ ਹੇਠਲੀ ਅਦਾਲਤ ਨੇ ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ ’ਚ 70 ਸਾਲਾ ਖਾਨ ਨੂੰ 3 ਸਾਲ ਦੀ ਸਜ਼ਾ ਸੁਣਾਈ ਸੀ। ਪਾਕਿਸਤਾਨ ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਸੂਚਨਾ ਜਾਰੀ ਕਰ ਕੇ ਇਮਰਾਨ ਖਾਨ ਨੂੰ 5 ਸਾਲਾਂ ਲਈ ਅਯੋਗ ਐਲਾਨ ਦਿੱਤਾ। ਕਮਿਸ਼ਨ ਨੇ ਅਦਾਲਤ ਦੇ ਫੈਸਲੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸੰਵਿਧਾਨ ਦੇ ਧਾਰਾ 63 (1) ’ਚ ਇਮਰਾਨ ਖਾਨ ਨੂੰ ਅਯੋਗ ਐਲਾਨ ਦਿੱਤਾ। ਉੱਧਰ, ਇਮਰਾਨ ਖਾਨ ਨੂੰ ਜਿਸ ਉੱਚ ਸੁਰੱਖਿਆ ਵਾਲੀ ਅਟਕ ਜੇਲ ਦੀ ਕੋਠੜੀ ’ਚ ਰੱਖਿਆ ਗਿਆ ਹੈ, ਉਹ ਮੱਖੀਆਂ ਅਤੇ ਖਟਮਲਾਂ ਨਾਲ ਭਰੀ ਹੋਈ ਹੈ ਅਤੇ ਉਸ ’ਚ ਟਾਇਲੈੱਟ ਵੀ ਖੁੱਲ੍ਹੇ ’ਚ ਬਣਾਇਆ ਹੋਇਆ ਹੈ। ਇਮਰਾਨ ਦੇ ਵਕੀਲ ਨਈਮ ਹੈਦਰ ਪੰਜੋਠਾ ਨੇ ਉਨ੍ਹਾਂ ਨੂੰ ਜੇਲ ’ਚ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਪ੍ਰਧਾਨ ਨੂੰ ਪੰਜਾਬ ਪ੍ਰਾਂਤ ’ਚ ਸਥਿਤ ਜੇਲ ’ਚ ਸੀ-ਸ਼੍ਰੇਣੀ ਦੀਆਂ ਸਹੂਲਤਾਂ ਦਿੱਤੀਆਂ ਹਨ। ਉਨ੍ਹਾਂ ਨੂੰ ਇਕ ਹਨੇਰੇ ਕਮਰੇ ’ਚ ਰੱਖਿਆ ਗਿਆ ਹੈ, ਜਿੱਥੇ ਦਿਨ ’ਚ ਮੱਖੀਆਂ ਮੰਡਰਾਉਂਦੀਆਂ ਰਹਿੰਦੀਆਂ ਹਨ ਅਤੇ ਰਾਤ ’ਚ ਕੀੜੀਆਂ ਆਉਂਦੀਆਂ ਹਨ, ਉੱਥੇ ਕੋਈ ਟੈਲੀਵਿਜ਼ਨ ਨਹੀਂ ਹੈ ਅਤੇ ਕੋਈ ਅਖਬਾਰ ਵੀ ਨਹੀਂ ਦਿੱਤਾ ਜਾਂਦਾ ਹੈ।

ਇਸ ’ਚ ਇਮਰਾਨ ਖਾਨ ਨੇ ਆਪਣੇ ਵਕੀਲਾਂ ਖਵਾਜਾ ਹਾਰਿਸ ਅਤੇ ਗੌਹਰ ਅਲੀ ਖਾਨ ਰਾਹੀਂ ਇਸਲਾਮਾਬਾਦ ਹਾਈਕੋਰਟ ’ਚ ਪਟੀਸ਼ਨ ਦਰਜ ਕਰ ਕੇ ਆਪਣੀ ਦੋਸ਼ਸਿੱਧੀ ਅਤੇ 3 ਸਾਲ ਜੇਲ ਦੀ ਸਜ਼ਾ ਖਿਲਾਫ ਪਟੀਸ਼ਨ ਦਰਜ ਕੀਤੀ। ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ ’ਚ ਦੋਸ਼ੀ ਠਹਿਰਾਏ ਜਾਣ ਦੇ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਉਨ੍ਹਾਂ ਦੇ ਵਕੀਲਾਂ ਨੇ ਕਿਹਾ ਕਿ ਇਕ ਪੱਖਪਾਤਪੂਰਨ ਜੱਜ ਦਾ ਫੈਸਲਾ ਉਚਿਤ ਪ੍ਰਕਿਰਿਆ ਅਤੇ ਨਿਰਪੱਖ ਸੁਣਵਾਈ ਦੇ ਚਿਹਰੇ ’ਤੇ ਥੱਪੜ ਅਤੇ ਨਿਆਂ ਦਾ ਘੋਰ ਮਜ਼ਾਕ ਹੈ। ਪਟੀਸ਼ਨ ’ਚ ਇਮਰਾਨ ਖਾਨ ਨੂੰ ਜੇਲ ਤੋਂ ਰਿਹਾਅ ਕਰਨ ਦੀ ਅਪੀਲ ਕੀਤੀ ਗਈ ਹੈ।

Leave a Reply

Your email address will not be published. Required fields are marked *