ਇਸਰੋ ਨੇ ਰਚਿਆ ਇਤਿਹਾਸ, ਚੰਨ ‘ਤੇ ਪਹੁੰਚਿਆ ਚੰਦਰਯਾਨ-3


ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਅੱਜ ਯਾਨੀ ਕਿ 23 ਤਾਰੀਖ਼ ਨੂੰ ਇਤਿਹਾਸ ਰਚ ਦਿੱਤਾ ਹੈ। ਏਜੰਸੀ ਮੁਤਾਬਕ ਚੰਦਰਯਾਨ-3 ਦੇ ਲੈਂਡਰ ਨੇ ਤੈਅ ਸਮੇਂ ਮੁਤਾਬਕ ਸ਼ਾਮ 6 ਵਜ ਕੇ 4 ਮਿੰਟ ‘ਤੇ ਚੰਦਰਮਾ ਦੀ ਸਤ੍ਹਾ ‘ਤੇ ਸਫ਼ਲਤਾਪੂਰਵਕ ਲੈਂਡਿੰਗ ਕਰ ਲਈ ਹੈ। ਚੰਦਰਯਾਨ-3 14 ਜੁਲਾਈ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਤੋਂ ਸਫ਼ਲਤਾਪੂਰਵਕ ਪੰਧ ‘ਚ ਪਹੁੰਚਾਇਆ ਗਿਆ। 40 ਦਿਨ ਦੀ ਯਾਤਰਾ ਮਗਰੋਂ ਚੰਦਰਯਾਨ-3 ਅੱਜ ਚੰਨ ‘ਤੇ ਪਹੁੰਚ ਗਿਆ ਹੈ। ਇਸਰੋ ਨੇ ਲੈਂਡਿੰਗ ਦਾ ਲਾਈਵ ਟੈਲੀਕਾਸਟ ਵਿਖਾਇਆ ਹੈ। ਇਸਰੋ ਨੇ ਇਸ ਨੂੰ ਦੇਸ਼ ਅਤੇ ਦੁਨੀਆ ਲਈ ਇਤਿਹਾਸਕ ਪਲ ਦੱਸਿਆ। ਚੰਦਰਯਾਨ-3 ਦੱਖਣੀ ਧਰੁਵ ‘ਤੇ ਲੈਂਡ ਕੀਤਾ ਹੈ। ਭਾਰਤ ਦੱਖਣੀ ਧਰੁਵ ‘ਚ ਪਹੁੰਚਣ ਵਾਲਾ ਪਹਿਲਾਂ, ਜਦਕਿ ਸਾਫਟ ਲੈਂਡਿੰਗ ਕਰਾਉਣ ਵਾਲਾ ਚੌਥਾ ਦੇਸ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਅਮਰੀਕਾ, ਰੂਸ ਅਤੇ ਚੀਨ ਇਤਿਹਾਸ ਕਰਿਸ਼ਮੇ ਨੂੰ ਅੰਜ਼ਾਮ ਦੇ ਚੁੱਕੇ ਹਨ। ਇਸਰੋ ਦੇ ਇਸ ਮਹੱਤਵਪੂਰਨ ਮਿਸ਼ਨ ਨਾਲ ਪੂਰੀ ਦੁਨੀਆ ਦੀਆਂ ਉਮੀਦਾਂ ਜੁੜੀਆਂ ਹਨ।

ਚੰਦਰਮਾ ‘ਤੇ ਕਿੰਨੇ ਦਿਨ ਚੱਲੇਗਾ ਚੰਦਰਯਾਨ-3 ਮਿਸ਼ਨ?
ਲੈਂਡਰ-ਰੋਵਰ ਚੰਦਰਮਾ ‘ਤੇ ਇਕ ਦਿਨ ਕੰਮ ਕਰੇਗਾ। ਯਾਨੀ ਕਿ ਧਰਤੀ ਦੇ 14 ਦਿਨ। ਉੱਥੇ ਹੀ ਪ੍ਰੋਪਲਸ਼ਨ ਮੋਡਿਊਲ 4 ਤੋਂ 5 ਸਾਲਾਂ ਲਈ ਕੰਮ ਕਰ ਸਕਦਾ ਹੈ। ਸੰਭਵ ਹੈ ਕਿ ਇਹ ਤਿੰਨੋਂ ਇਸ ਤੋਂ ਜ਼ਿਆਦਾ ਵੀ ਕੰਮ ਕਰ ਸਕਦੇ ਹਨ, ਕਿਉਂਕਿ ਇਸਰੋ ਦੇ ਜ਼ਿਆਦਾਤਰ ਸੈਟੇਲਾਈਟ ਉਮੀਦ ਤੋਂ ਵੱਧ ਚੱਲੇ ਹਨ।

ਚੰਦਰਮਾ ‘ਤੇ ਕੀ ਖੋਜਿਆ ਜਾ ਸਕਦਾ ਹੈ?
ਰਿਪੋਰਟ ਮੁਤਾਬਕ ਚੰਦਰਮਾ ‘ਤੇ ਸੂਰਜੀ ਊਰਜਾ, ਆਕਸੀਜਨ ਅਤੇ ਧਾਤੂਆਂ ਦੇ ਭਰਪੂਰ ਸਰੋਤ ਹਨ। ਚੰਦਰਮਾ ਦੀ ਸਤ੍ਹਾ ‘ਤੇ ਮੌਜੂਦ ਜਾਣੇ-ਪਛਾਣੇ ਤੱਤਾਂ ਵਿਚ ਹਾਈਡ੍ਰੋਜਨ (H), ਆਕਸੀਜਨ (O), ਸਿਲੀਕਾਨ (Si), ਆਇਰਨ (Fe), ਮੈਗਨੀਸ਼ੀਅਮ (Mg), ਕੈਲਸ਼ੀਅਮ (Ca), ਐਲੂਮੀਨੀਅਮ (Al), ਮੈਂਗਨੀਜ਼ (Mn) ਅਤੇ ਟਾਈਟੇਨੀਅਮ (Ti) ਸ਼ਾਮਲ ਹਨ।

Leave a Reply

Your email address will not be published. Required fields are marked *