‘ਇੰਡੀਆ’ ਗਠਜੋੜ ’ਚ ਸ਼ਾਮਲ ਹੋਣਗੀਆਂ ਕੁਝ ਹੋਰ ਸਿਆਸੀ ਪਾਰਟੀਆਂ : ਨਿਤੀਸ਼

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਕਿ ਮੁੰਬਈ ’ਚ ਵਿਰੋਧੀ ਗਠਜੋੜ ਇੰਡੀਆ (ਇੰਡੀਅਨ ਨੈਸ਼ਨਲ ਡਿਵੈੱਲਪਮੈਂਟਲ ਇਨਕਲੂਸਿਵ ਅਲਾਇੰਸ) ਦੀ ਅਗਲੀ ਬੈਠਕ ਦੌਰਾਨ ਕੁਝ ਹੋਰ ਸਿਆਸੀ ਪਾਰਟੀਆਂ ਦੇ ਇਸ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਭਾਜਪਾ ਦੀਆਂ ਵਿਰੋਧੀ ਪਾਰਟੀਆਂ ਨੂੰ ਆਪਣੇ ਨਾਲ ਲਿਆਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਨਿਤੀਸ਼ ਨੇ ‘ਇੰਡੀਆ’ ਨਾਲ ਜੁੜਨ ਵਾਲੀਆਂ ਸੰਭਾਵਿਕ ਪਾਰਟੀਆਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਪਰ ਉਨ੍ਹਾਂ ਇਹ ਜ਼ਰੂਰ ਕਿਹਾ ਕਿ ਬੈਠਕ ਦੌਰਾਨ ਸੀਟ ਵੰਡ ਵਰਗੇ ਚੋਣ ਸਬੰਧੀ ਮੁੱਦਿਆਂ ’ਤੇ ਚਰਚਾ ਕੀਤੀ ਜਾਵੇਗੀ। ਪਟਨਾ ’ਚ ਪੱਤਰਕਾਰਾਂ ਨਾਲ ਗੱਲਬਾਤ ’ਚ ਨਿਤੀਸ਼ ਨੇ ਕਿਹਾ, ‘‘ਅਸੀਂ ਮੁੰਬਈ ’ਚ ਅਗਲੀ ਬੈਠਕ ਦੌਰਾਨ ਅਗਲੇ ਸਾਲ ਹੋਣ ਵਾਲੀਆਂ ਆਮ ਚੋਣ ਨੂੰ ਲੈ ਕੇ ‘ਇੰਡੀਆ’ ਦੀ ਰਣਨੀਤੀ ’ਤੇ ਚਰਚਾ ਕਰਾਂਗੇ । ਸੀਟ ਵੰਡ ਵਰਗੇ ਮੁੱਦਿਆਂ ’ਤੇ ਚਰਚਾ ਕੀਤੀ ਜਾਵੇਗੀ ਅਤੇ ਕਈ ਹੋਰ ਏਜੰਡਿਆਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਕੁਝ ਹੋਰ ਸਿਆਸੀ ਪਾਰਟੀਆਂ ਸਾਡੇ ਗਠਜੋੜ ’ਚ ਸ਼ਾਮਲ ਹੋਣਗੀਆਂ।’’ ਉਨ੍ਹਾਂ ਕਿਹਾ, ‘‘ਮੈਂ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਧ ਤੋਂ ਵੱਧ ਪਾਰਟੀਆਂ ਨੂੰ ਇਕਜੁੱਟ ਕਰਨਾ ਚਾਹੁੰਦਾ ਹਾਂ। ਮੈਂ ਇਸ ਦਿਸ਼ਾ ’ਚ ਕੰਮ ਕਰ ਰਿਹਾ ਹਾਂ…ਮੈਨੂੰ ਆਪਣੇ ਲਈ ਕੋਈ ਇੱਛਾ ਨਹੀਂ ਹੈ।’’

ਲੋਕ ਸਭਾ ਚੋਣਾਂ ’ਚ ਕੇਂਦਰ ’ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦਾ ਮੁਕਾਬਲਾ ਕਰਨ ਲਈ ਗਠਿਤ 26 ਪਾਰਟੀਆਂ ਵਾਲੇ ਵਿਰੋਧੀ ਗਠਜੋੜ ਦੀ ਇਕ ਮਹੀਨੇ ਤੋਂ ਵੀ ਘੱਟ ਸਮੇਂ ਵਿਚ ਦੋ ਵਾਰ ਬੈਠਕ ਹੋ ਚੁੱਕੀ ਹੈ। ਵਿਰੋਧੀ ਗਠਜੋੜ ਦੀ ਪਹਿਲੀ ਬੈਠਕ 23 ਜੂਨ ਨੂੰ ਪਟਨਾ ’ਚ ਅਤੇ ਦੂਜੀ ਬੈਠਕ 17-18 ਜੁਲਾਈ ਨੂੰ ਬੈਂਗਲੁਰੂ ਵਿੱਚ ਹੋਈ ਸੀ । ‘ਇੰਡਆ’ 31 ਅਗਸਤ ਅਤੇ 1 ਸਤੰਬਰ ਨੂੰ ਮੁੰਬਈ ’ਚ ਆਪਣੀ ਤੀਜੀ ਬੈਠਕ ਆਯੋਜਿਤ ਕਰਨ ਲਈ ਤਿਆਰ ਹੈ।

Leave a Reply

Your email address will not be published. Required fields are marked *