ਐੱਨ. ਡੀ. ਆਰ. ਐੱਫ. ਨੇ ਸੰਭਾਲਿਆ ਮੋਰਚਾ, ਬੋਰ ’ਚ ਫਸੇ ਵਿਅਕਤੀ ਤੱਕ ਨਹੀਂ ਪਹੁੰਚ ਸਕੀ ਟੀਮ

ਦਿੱਲੀ-ਕੱਟੜਾ ਐਕਸਪ੍ਰੈਸ ਵੇਅ ਦੇ ਨਿਰਮਾਣ ਦੌਰਾਨ ਕਰਤਾਰਪੁਰ-ਕਪੂਰਥਲਾ ਰੋਡ ‘ਤੇ ਸਥਿਤ ਪਿੰਡ ਬਸਰਾਮਪੁਰ ’ਚ ਪੁਲ ਬਣਾਉਣ ਲਈ ਚੱਲ ਰਹੇ ਨਿਰਮਾਣ ਕਾਰਜ ’ਚ ਜ਼ਮੀਨ ’ਚ ਕਰੀਬ 20 ਮੀਟਰ ਤੱਕ ਦੀ ਡੂੰਘਾਈ ਦੌਰਾਨ ਬੋਰਿੰਗ ਦੇ ਕੰਮ ਦੌਰਾਨ ਉਸਾਰੀ ਕੰਪਨੀ ਦੀ ਬੋਰਿੰਗ ਮਸ਼ੀਨ ਫਸ ਗਈ ਸੀ, ਜਿਸ ਨੂੰ ਕੱਢਣ ਲਈ ਦਿੱਲੀ ਤੋਂ 2 ਤਕਨੀਕੀ ਮਾਹਿਰਾਂ ਪਵਨ ਅਤੇ ਸੁਰੇਸ਼ ਸੱਦੇ ਗਏ। ਇਸ ਸਬੰਧੀ ਬੀਤੀ ਰਾਤ 7 ਤੋਂ 8 ਵਜੇ ਦੇ ਦਰਮਿਆਨ ਬੋਰ ’ਚ ਕੰਮ ਕਰ ਰਹੇ 2 ਵਿਅਕਤੀਆਂ ‘ਚੋਂ ਥੋੜ੍ਹੇ ਸਮੇਂ ਬਾਅਦ ਹੀ ਟੋਏ ਦੇ ਅੰਦਰ ਦੀ ਮਿੱਟੀ ਅਚਾਨਕ ਡਿੱਗਣੀ ਸ਼ੁਰੂ ਹੋ ਗਈ ਅਤੇ ਇਸ ਨੂੰ ਦੇਖਦਿਆਂ ਹੀ ਇਕ ਸੁਰੇਸ਼ ਯਾਦਵ (55) ਮਿੱਟੀ ਤੋਂ ਡਿੱਗ ਕੇ ਹੇਠਾਂ ਦੱਬਿਆ ਗਿਆ। ਹੁਣ ਕਰੀਬ 30 ਘੰਟੇ ਬੀਤ ਜਾਣ ਤੋਂ ਬਾਅਦ ਵੀ ਕੰਪਨੀ ਦੇ ਕਰਮਚਾਰੀ ਮਿੱਟੀ ’ਚ ਫਸੇ ਵਿਅਕਤੀ ਬਾਰੇ ਕੁਝ ਵੀ ਪਤਾ ਨਹੀਂ ਲਗਾ ਸਕੇ ਹਨ ਅਤੇ ਖੁਦਾਈ ਦਾ ਕੰਮ ਲਗਾਤਾਰ ਜਾਰੀ ਹੈ।

ਜਾਣਕਾਰੀ ਮੁਤਾਬਕ ਕੰਪਨੀ ਦਾ ਟੈਕਨੀਕਲ ਸਟਾਫ ਪੂਰੇ ਬਚਾਅ ਯੰਤਰਾਂ ਨਾਲ ਲੈਸ ਹੋ ਕੇ ਬੋਰ ’ਚ ਗਏ ਸਨ। ਬੋਰ ਦੀ ਸਫ਼ਾਈ ਕਰਦੇ ਸਮੇਂ ਅਚਾਨਕ ਹੋਏ ਹਾਦਸੇ ’ਚ ਮੁਲਾਜ਼ਮ ਸੁਰੇਸ਼ ਯਾਦਵ ਕਰੀਬ 20 ਮੀਟਰ ਹੇਠਾਂ ਫਸ ਗਿਆ ਸੀ, ਜਿਸ ਦੇ ਲਈ ਨੈਸ਼ਨਲ ਹਾਈਵੇਅ ਅਥਾਰਟੀ ਨੇ ਤੁਰੰਤ ਕਾਰਵਾਈ ਕੀਤੀ ਅਤੇ ਰਾਹਤ ਕਾਰਜਾਂ ਲਈ ਐੱਨ. ਡੀ. ਆਰ. ਐੱਫ. ਦੀ ਟੀਮ ਨੂੰ ਤਾਇਨਾਤ ਕੀਤਾ ਗਿਆ।

ਇਸ ਤੋਂ ਇਲਾਵਾ ਮਿੱਟੀ ਹਟਾਉਣ ਲਈ ਭਾਰੀ ਮਸ਼ੀਨਰੀ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਸਿਹਤ ਵਿਭਾਗ ਵੱਲੋਂ ਐਂਬੂਲੈਂਸ ਅਤੇ ਮੈਡੀਕਲ ਟੀਮ ਵੀ ਤਾਇਨਾਤ ਕੀਤੀ ਗਈ ਹੈ। ਇਸ ਦੌਰਾਨ ਕੈਬਨਿਟ ਮੰਤਰੀ ਬਲਕਾਰ ਸਿੰਘ ਬੀਤੀ ਰਾਤ ਅਤੇ ਅੱਜ ਸ਼ਾਮ ਮੁੜ ਮੌਕੇ ’ਤੇ ਪੁੱਜੇ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਕੰਪਨੀ ਨੂੰ ਕੰਮ ’ਚ ਹੋਰ ਤੇਜ਼ੀ ਲਿਆਉਣ ਲਈ ਕਿਹਾ ਹੈ। ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਲੰਧਰ ਜਸਬੀਰ ਸਿੰਘ ਸਮੁੱਚੇ ਬਚਾਅ ਕਾਰਜ ਦੀ ਨਿਗਰਾਨੀ ਕਰ ਰਹੇ ਹਨ। ਸਿਵਲ, ਪੁਲਸ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਮੌਕੇ ‘ਤੇ ਮੌਜੂਦ ਹਨ।

Leave a Reply

Your email address will not be published. Required fields are marked *