ਕਰਨਾਟਕ ’ਚ ਕਾਂਗਰਸ ਦੇ ਕੰਮ ਪੂਰੇ ਦੇਸ਼ ’ਚ ਦੁਹਰਾਏ ਜਾਣਗੇ : ਰਾਹੁਲ ਗਾਂਧੀ

ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪਾਰਟੀ ਨੇ ਕਰਨਾਟਕ ਦੇ ਲੋਕਾਂ ਨਾਲ ਕੀਤੇ ਮੁੱਖ ਚੋਣ ਵਾਅਦਿਆਂ ਨੂੰ ਪੂਰਾ ਕਰ ਦਿੱਤਾ ਹੈ ਅਤੇ ਮੁੱਖ ਮੰਤਰੀ ਸਿੱਧਰਮਈਆ ਦੀ ਅਗਵਾਈ ਵਾਲੀ ਸਰਕਾਰ ਵਲੋਂ ਕੀਤੇ ਗਏ ਕੰਮ ਨੂੰ ਪੂਰੇ ਦੇਸ਼ ਵਿੱਚ ਦੁਹਰਾਇਆ ਜਾਏਗਾ। ਇਕ ਹੋਰ ਵੱਡੇ ਚੋਣ ਵਾਅਦੇ ਨੂੰ ਪੂਰਾ ਕਰਦੇ ਹੋਏ ਕਰਨਾਟਕ ਦੀ ਕਾਂਗਰਸ ਸਰਕਾਰ ਨੇ ਬੁੱਧਵਾਰ ‘ਗ੍ਰਹਿ ਲਕਸ਼ਮੀ’ ਯੋਜਨਾ ਦੀ ਸ਼ੁਰੂਆਤ ਕੀਤੀ, ਜਿਸ ਅਧੀਨ ਲਗਭਗ 1.1 ਕਰੋੜ ਔਰਤਾਂ ਨੂੰ ਹਰ ਮਹੀਨੇ 2-2 ਹਜ਼ਾਰ ਰੁਪਏ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ। ਮਹਾਰਾਜਾ ਕਾਲਜ ਦੇ ਮੈਦਾਨ ’ਚ ਆਯੋਜਿਤ ਇਕ ਜਨਤਕ ਸਮਾਗਮ ’ਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਐੱਮ. ਮੱਲਿਕਾਰਜੁਨ ਖੜਗੇ, ਕਾਂਗਰਸ ਨੇਤਾ ਰਾਹੁਲ ਗਾਂਧੀ, ਮੁੱਖ ਮੰਤਰੀ ਸਿੱਧਰਮਈਆ ਅਤੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਮੌਜੂਦ ਸਨ। ਪ੍ਰੋਗਰਾਮ ਵਿੱਚ ਹਜ਼ਾਰਾਂ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਆਪਣੇ ਵਾਅਦਿਆਂ ’ਤੇ ਕਾਇਮ ਹਾਂ। ਅਸੀਂ ਕਦੇ ਵੀ ਝੂਠੇ ਵਾਅਦੇ ਨਹੀਂ ਕਰਦੇ। ਅਸੀਂ ਜੋ ਕੰਮ ਕਰਨਾਟਕ ’ਚ ਕੀਤਾ ਹੈ, ਉਸ ਨੂੰ ਪੂਰੇ ਦੇਸ਼ ਵਿੱਚ ਦੁਹਰਾਇਆ ਜਾਵੇਗਾ। ‘ਗ੍ਰਹਿ ਲਕਸ਼ਮੀ’ ਯੋਜਨਾ ਕਾਂਗਰਸ ਵਲੋਂ ਚੋਣਾਂ ਤੋਂ ਪਹਿਲਾਂ ਦਿੱਤੀਆਂ ਪੰਜ ਗਾਰੰਟੀਆਂ ਵਿੱਚੋਂ ਇੱਕ ਹੈ।

ਰਾਹੁਲ ਨੇ ‘ਗ੍ਰਹਿ ਲਕਸ਼ਮੀ’ ਸਕੀਮ ਨੂੰ ਦੁਨੀਆ ਦੀ ਸਭ ਤੋਂ ਵੱਡੀ ਕੈਸ਼ ਟ੍ਰਾਂਸਫਰ ਸਕੀਮ ਵੀ ਕਿਹਾ, ਜਿਸ ਅਧੀਨ ਲੱਖਾਂ ਮਹਿਲਾ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ 2-2 ਹਜ਼ਾਰ ਰੁਪਏ ਸਿੱਧੇ ਟਰਾਂਸਫਰ ਕੀਤੇ ਜਾਣਗੇ। ਰਾਹੁਲ ਨੇ ਕਿਹਾ ਕਿ ‘ਸ਼ਕਤੀ’ ਯੋਜਨਾ ਅਧੀਨ ਔਰਤਾਂ ਕਰਨਾਟਕ ’ਚ ਕਿਤੇ ਵੀ ਸਰਕਾਰੀ ਬੱਸਾਂ ’ਚ ਮੁਫਤ ਸਫਰ ਕਰ ਸਕਦੀਆਂ ਹਨ। ਯੁਵਾ ਨਿਧੀ ਸਕੀਮ ਨੂੰ ਛੱਡ ਕੇ ਸੂਬੇ ਦੀਆਂ ਔਰਤਾਂ ਲਈ ਚਾਰ ਗਾਰੰਟੀਆਂ ਸ਼ਕਤੀ, ਗ੍ਰਹਿ ਲਕਸ਼ਮੀ, ਗ੍ਰਹਿ ਜੋਤੀ ਅਤੇ ਅੰਨਾ ਭਾਗਿਆ ਹਨ। ਇਨ੍ਹਾਂ ਚਾਰ ਗਾਰੰਟੀਆਂ ਪਿੱਛੇ ਡੂੰਘੀ ਸੋਚ ਹੈ। ਰਾਹੁਲ ਨੇ ਕਰਨਾਟਕ ਦੀਆਂ ਔਰਤਾਂ ਦੀ ਤੁਲਨਾ ਦਰੱਖਤ ਦੀਆਂ ਜੜ੍ਹਾਂ ਨਾਲ ਕਰਦਿਆਂ ਕਿਹਾ ਕਿ ਜੇ ਜੜ੍ਹਾਂ ਮਜ਼ਬੂਤ ​​ਹੋਣ ਤਾਂ ਦਰੱਖਤ ਕਿਸੇ ਵੀ ਤੂਫ਼ਾਨ ਦਾ ਸਾਹਮਣਾ ਕਰ ਸਕਦਾ ਹੈ।

ਉਨ੍ਹਾਂ ਕਿਹਾ ਕਿ ਪਿਛਲੇ ਸਾਲ ਕਰਨਾਟਕ ’ਚ 600 ਕਿਲੋਮੀਟਰ ਦੀ ਪੈਦਲ ‘ਭਾਰਤ ਜੋੜੋ ਯਾਤਰਾ’ ਦੌਰਾਨ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਔਰਤਾਂ ਦੇਸ਼ ’ਚ ਮਹਿੰਗਾਈ ਤੋਂ ਪ੍ਰੇਸ਼ਾਨ ਹਨ। ਔਰਤਾਂ ਨੂੰ ਦਰਪੇਸ਼ ਚੁਣੌਤੀਆਂ ਨੇ ਕਾਂਗਰਸ ਨੂੰ ਇਹ ਗਾਰੰਟੀ ਦੇਣ ਲਈ ਪ੍ਰੇਰਿਆ ਸੀ। ਕੇਂਦਰ ’ਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਰਬਪਤੀਆਂ ਲਈ ਹੀ ਕੰਮ ਕਰਦੀ ਹੈ। ਸਾਡੀ ਸੋਚ ਹੈ ਕਿ ਸਰਕਾਰ ਨੂੰ ਗਰੀਬ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਚਾਹੀਦਾ ਹੈ। ਖੜਗੇ ਨੇ ਕਿਹਾ ਕਿ ਭਾਰਤ ਦੀ ਕਿਸੇ ਵੀ ਸਰਕਾਰ ਨੇ ਅਜਿਹੀ ਕੋਈ ਯੋਜਨਾ ਸ਼ੁਰੂ ਨਹੀਂ ਕੀਤੀ । ਹਰ ਕੋਈ ਇਸ ਨੂੰ ਆਪਣੇ ਸੂਬੇ ਵਿੱਚ ਲਾਗੂ ਕਰਨ ਲਈ ਉਤਸੁਕ ਹੈ।

Leave a Reply

Your email address will not be published. Required fields are marked *