ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਪਤੀ-ਪਤਨੀ ਤੋਂ ਠੱਗੇ 18 ਲੱਖ ਰੁਪਏ

ਪਤੀ-ਪਤਨੀ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 18 ਲੱਖ ਰੁਪਏ ਦੀ ਰਕਮ ਹੜਪਣ ਦੇ ਮਾਮਲੇ ’ਚ ਥਾਣਾ ਸਦਰ ਦੀ ਪੁਲਸ ਨੇ 2 ਮੁਲਜ਼ਮਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਬਲਵਿੰਦਰ ਕੌਰ ਪਤਨੀ ਲਖਵਿੰਦਰ ਸਿੰਘ ਵਾਸੀ ਅਮਰੀਕ ਨਗਰ ਸੈਦੋ ਭੁਲਾਣਾ ਥਾਣਾ ਸਦਰ ਕਪੂਰਥਲਾ ਨੇ ਐੱਸ. ਐੱਸ. ਪੀ. ਰਾਜਪਾਲ ਸਿੰਘ ਸੰਧੂ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਸਦੀ ਲੜਕੀ ਸੰਦੀਪ ਕੌਰ ਤੇ ਜਵਾਈ ਜੋਬਨਪ੍ਰੀਤ ਸਿੰਘ ਆਪਣੇ ਸੁਨਹਿਰੀ ਭਵਿੱਖ ਦੇ ਲਈ ਕੈਨੇਡਾ ਜਾਣਾ ਚਾਹੁੰਦੇ ਸੀ, ਜਿਸਦੇ ਲਈ ਉਨ੍ਹਾਂ ਕਸ਼ਮੀਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਲੋਧੀਪੁਰ ਥਾਣਾ ਕੋਤਵਾਲੀ ਕਪੂਰਥਲਾ ਤੇ ਦਿਆਲ ਸਿੰਘ ਪੁੱਤਰ ਨਿਰੰਜਣ ਦਾਸ ਵਾਸੀ ਕੋਟ ਕਰਾਰ ਖਾਂ ਥਾਣਾ ਸਦਰ ਕਪੂਰਥਲਾ ਦੇ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਉਸਦੀ ਲੜਕੀ ਤੇ ਜਵਾਈ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 18 ਲੱਖ ਰੁਪਏ ਦੀ ਮੰਗ ਕੀਤੀ, ਜਦੋਂ ਉਸਨੇ ਮੁਲਜ਼ਮਾਂ ਨੂੰ 18 ਲੱਖ ਰੁਪਏ ਦੀ ਨਕਦੀ ਤੇ ਪਾਸਪੋਰਟ ਦੇ ਦਿੱਤੇ ਤਾਂ ਮੁਲਜ਼ਮ ਉਸਨੂੰ ਲਗਾਤਾਰ ਟਾਲ ਮਟੋਲ ਕਰਦੇ ਰਹੇ।

ਜਦੋਂ ਉਸਨੇ ਮੁਲਜ਼ਮਾਂ ’ਤੇ ਰਕਮ ਵਾਪਸੀ ਦਾ ਦਬਾਅ ਪਾਇਆ ਤਾਂ ਉਹ ਧਮਕੀਆਂ ਦੇਣ ਲੱਗੇ, ਜਿਸ ’ਤੇ ਉਸਨੇ ਇਨਸਾਫ ਦੇ ਲਈ ਐੱਸ. ਐੱਸ. ਪੀ. ਮੁਹਰੇ ਗੁਹਾਰ ਲਗਾਈ। ਐੱਸ. ਐੱਸ. ਪੀ. ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡੀ. ਐੱਸ. ਪੀ. ਹੈੱਡ ਕੁਆਰਟਰ ਸਤਨਾਮ ਸਿੰਘ ਨੂੰ ਜਾਂਚ ਦੇ ਹੁਕਮ ਦਿੱਤੇ। ਜਾਂਚ ਦੌਰਾਨ ਦੋਵਾਂ ਮੁਲਜ਼ਮਾਂ ਕਸ਼ਮੀਰ ਸਿੰਘ ਤੇ ਦਿਆਲ ਸਿੰਘ ਦੇ ਖ਼ਿਲਾਫ਼ ਲੱਗੇ ਸਾਰੇ ਦੋਸ਼ ਸਹੀ ਪਾਏ ਗਏ, ਜਿਸਦੇ ਆਧਾਰ ’ਤੇ ਦੋਵਾਂ ਮੁਲਜ਼ਮਾਂ ਕਸ਼ਮੀਰ ਸਿੰਘ ਤੇ ਦਿਆਲ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਫਿਲਹਾਲ ਦੋਵਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ।

Leave a Reply

Your email address will not be published. Required fields are marked *