ਗੁਰਪਤਵੰਤ ਪੰਨੂ ਨੂੰ ਵੱਡਾ ਝਟਕਾ, ਆਸਟ੍ਰੇਲੀਆ ਤੋਂ ਬਾਅਦ ਕੈਨੇਡਾ ਦੇ ਸਕੂਲ ਨੇ ਰੱਦ ਕੀਤਾ ਖਾਲਿਸਤਾਨ ਰੈਫਰੈਂਡਮ

ਵਿਦੇਸ਼ਾਂ ’ਚ ਭਾਰਤ ਖਿਲਾਫ ਖਾਲਿਸਤਾਨ ਰੈਂਫਰੈਂਡਮ ਦੀ ਮੁਹਿੰਮ ਚਲਾ ਰਹੇ ‘ਸਿੱਖ ਫਾਰ ਜਸਟਿਸ’ ਦੇ ਅੱਤਵਾਦੀ ਗੁਰਪਤਵੰਤ ਪੰਨੂ ਨੂੰ ਹੁਣ ਆਸਟ੍ਰੇਲੀਆ ਤੋਂ ਬਾਅਦ ਕੈਨੇਡਾ ’ਚ ਵੀ ਵੱਡਾ ਝਟਕਾ ਲੱਗਿਆ ਹੈ। ਬ੍ਰਿਟਿਸ਼ ਕੋਲੰਬੀਆ ’ਚ ਸਰੀ ਦੇ ਸਰਕਾਰੀ ਤਮਨਵਿਸ ਸੈਕੰਡਰੀ ਸਕੂਲ ਨੇ 10 ਸਤੰਬਰ ਨੂੰ ਪੰਨੂ ਅਤੇ ਉਸ ਦੇ ਗੁਰਗਿਆਂ ਵਲੋਂ ਕੀਤੇ ਜਾ ਰਹੇ ਖਾਲਿਸਤਾਨ ਰੈਫਰੈਂਡਮ ਲਈ ਜਗ੍ਹਾ ਨਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਰੈਫਰੈਂਡਮ ਜੂਨ ’ਚ ਬ੍ਰਿਟਿਸ਼ ਕੋਲੰਬੀਆ ’ਚ ਮਾਰੇ ਗਏ ਖਾਲਿਸਤਾਨੀ ਨੇਤਾ ਹਰਦੀਪ ਸਿੰਘ ਨਿੱਝਰ ਦੀ ਯਾਦ ’ਚ ਕਰਵਾਇਆ ਜਾ ਰਿਹਾ ਸੀ ਅਤੇ ਇਸ ਦੀ ਪ੍ਰਚਾਰ ਸਮੱਗਰੀ ’ਚ ਨਿੱਝਰ ਦੇ ਨਾਲ-ਨਾਲ ਕਨਿਸ਼ਕ ਬੰਬ ਕਾਂਡ ਦੇ ਦੋਸ਼ੀ ਤਲਵਿੰਦਰ ਸਿੰਘ ਪਰਮਾਰ ਦੀ ਫੋਟੋ ਲੱਗੀ ਸੀ। ਇਸ ਦੇ ਨਾਲ ਹੀ ਪੋਸਟਰ ’ਤੇ ਹਥਿਆਰਾਂ ਦੀ ਫੋਟੋ ਵੀ ਲਾਈ ਗਈ ਸੀ। ਇਸ ਤੋਂ ਪਹਿਲਾਂ ਸਿਡਨੀ ਦੀ ਸਿਟੀ ਕਾਊਂਸਲ ਨੇ 11 ਮਈ ਨੂੰ ਹੋਣ ਵਾਲੇ ਖਾਲਿਸਤਾਨ ਰੈਫਰੈਂਡਮ ਲਈ ਜਗ੍ਹਾ ਦੇਣ ਤੋਂ ਨਾਂਹ ਕਰ ਦਿੱਤੀ ਸੀ। ਰੈਫਰੈਂਡਮ ਨੂੰ ਰੱਦ ਕੀਤੇ ਜਾਣ ਦੇ ਫੈਸਲੇ ਦੀ ਪੁਸ਼ਟੀ ਕਰਦੇ ਹੋਏ ਸਕੂਲ ਦੇ ਬੁਲਾਰੇ ਨੇ ਦੱਸਿਆ ਕਿ ਆਯੋਜਕਾਂ ਨੇ ਰੈਫਰੈਂਡਮ ਲਈ ਸਕੂਲ ਦਾ ਇੱਕ ਹਾਲ ਬੁੱਕ ਕੀਤਾ ਸੀ ਪਰ ਇਸ ਪ੍ਰੋਗਰਾਮ ਲਈ ਕੀਤੇ ਗਏ ਐਗਰੀਮੈਂਟ ਦੀ ਉਲੰਘਣਾ ਕੀਤੀ ਗਈ। ਰੈਫਰੈਂਡਮ ਲਈ ਪੋਸਟਰ ’ਚ ਏਕੇ-47 ਦੇ ਨਾਲ-ਨਾਲ ਹੋਰ ਹਥਿਆਰਾਂ ਦੀਆਂ ਫੋਟੋਆਂ ਸਨ। ਸਕੂਲ ਦੇ ਬੁਲਾਰੇ ਰਿਤਿੰਦਰ ਮੈਥਿਊ ਨੇ ਕਿਹਾ ਕਿ ਸਕੂਲ ਵਲੋਂ ਆਯੋਜਕਾਂ ਨੂੰ ਵਾਰ-ਵਾਰ ਇਨ੍ਹਾਂ ਪੋਸਟਰਾਂ ਨੂੰ ਹਟਾਉਣ ਲਈ ਕਿਹਾ ਗਿਆ ਸੀ ਪਰ ਪੋਸਟਰਾਂ ਨੂੰ ਨਹੀਂ ਹਟਾਇਆ ਗਿਆ।

ਉਨ੍ਹਾਂ ਕਿਹਾ ਕਿ ਸਾਡਾ ਪਹਿਲਾ ਮਿਸ਼ਨ ਵਿਦਿਆਰਥੀਆਂ ਨੂੰ ਗੁਣਵੱਤਾਭਰਪੂਰ ਸਿੱਖਿਆ ਅਤੇ ਸਾਡੇ ਸਕੂਲ ਭਾਈਚਾਰਿਆਂ ਲਈ ਇੱਕ ਸੁਰੱਖਿਅਤ ਮਾਹੌਲ ਯਕੀਨੀ ਬਣਾਉਣਾ ਹੈ। ਸਾਡੀਆਂ ਸਹੂਲਤਾਂ ਨੂੰ ਕਿਰਾਏ ’ਤੇ ਲੈਣ ਵਾਲੇ ਕਿਸੇ ਵੀ ਵਿਅਕਤੀ ਨੂੰ ਨਿਯਾਮਾਂ ਦੀ ਪਾਲਣਾ ਕਰਨੀ ਪਵੇਗੀ। ਸਾਡਾ ਇਹ ਫੈਸਲਾ ਕਿਸੇ ਵੀ ਤਰ੍ਹਾਂ ਨਾਲ ਸਿਆਸੀ ਸਥਿਤੀ ਦਾ ਸਮਰਥਨ ਜਾਂ ਆਲੋਚਨਾ ਨਹੀਂ ਹੈ। ਅਸੀਂ ਪ੍ਰੋਗਰਾਮ ਦੇ ਆਯੋਜਕਾਂ ਨੂੰ ਪ੍ਰੋਗਰਾਮ ਨੂੰ ਰੱਦ ਕਰਨ ਬਾਰੇ ਸੂਚਿਤ ਕਰ ਦਿੱਤਾ ਹੈ ਅਤੇ ਕਿਰਾਏ ਸਬੰਧੀ ਕੀਤੇ ਗਏ ਕਿਸੇ ਵੀ ਭੁਗਤਾਨ ਲਈ ਪੈਸੇ ਵਾਪਸ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *