ਚੀਨ ਦੀ ਅਰਥਵਿਵਸਥਾ ਸੰਕਟ ’ਚ, ਉਸ ਦਾ ਆਰਥਿਕ ਮਾਡਲ ‘ਢਹਿ-ਢੇਰੀ’ : ਡਬਲਯੂ. ਐੱਸ. ਜੀ.

ਦੁਨੀਆ ਦੀ ਦੂਜੀ ਸਭ ਤੋਂ ਵੱਡੀ ਚੀਨ ਦੀ ਅਰਥਵਿਵਸਥਾ ਹੁਣ ਡੂੰਘੇ ਸੰਕਟ ’ਚ ਹੈ ਅਤੇ ਉਸ ਦਾ 40 ਸਾਲਾਂ ਦਾ ਸਫਲ ਵਿਕਾਸ ਮਾਡਲ ਢਹਿ-ਢੇਰੀ ਹੋ ਗਿਆ ਹੈ। ਅਮਰੀਕਾ ਦੀ ਇਕ ਪ੍ਰਮੁੱਖ ਅਖਬਾਰ ਨੇ ਆਪਣੀ ਖਬਰ ’ਚ ਇਹ ਗੱਲ ਕਹੀ। ‘ਵਾਲ ਸਟ੍ਰੀਟ ਜਨਰਲ’ (ਡਬਲਯੂ. ਐੱਸ. ਜੀ.) ਨੇ ਆਪਣੀ ਖਬਰ ’ਚ ਲਿਖਿਆ ਹੈ ਕਿ ਅਰਥਸ਼ਾਸਤਰੀ ਹੁਣ ਮੰਨਦੇ ਹਨ ਕਿ ਚੀਨ ਬਹੁਤ ਹੀ ਹੌਲੀ ਵਿਕਾਸ ਦੇ ਦੌਰ ’ਚ ਦਾਖਲ ਹੋ ਗਿਆ ਹੈ। ਵਧੇਰੇ ਆਬਾਦੀ ਅਤੇ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਨਾਲ ਵਧਦੀਆਂ ਦੂਰੀਆਂ ਕਾਰਨ ਸਥਿਤੀ ਹੋਰ ਖਰਾਬ ਹੋ ਗਈ ਹੈ ਜੋ ਵਿਦੇਸ਼ੀ ਨਿਵੇਸ਼ ਅਤੇ ਵਪਾਰ ਨੂੰ ਖਤਰੇ ’ਚ ਪਾ ਰਿਹਾ ਹੈ। ਖਬਰ ’ਚ ਕਿਹਾ ਗਿਆ ਹੈ ਕਿ ਇਹ ਸਿਰਫ ਆਰਥਿਕ ਕਮਜ਼ੋਰੀ ਦਾ ਦੌਰ ਨਹੀਂ ਹੈ ਸਗੋਂ ਇਸ ਦਾ ਅਸਰ ਲੰਬੇ ਸਮੇਂ ਤੱਕ ਦਿਖਾਈ ਦੇ ਸਕਦਾ ਹੈ। ਫਾਈਨਾਂਸ਼ੀਅਲ ਡੇਲੀ ਨਿਊਜ਼ ਨੇ ਕਿਹਾ ਕਿ ਹੁਣ (ਆਰਥਿਕ) ਮਾਡਲ ਢਹਿ-ਢੇਰੀ ਹੋ ਗਿਆ ਹੈ। ਵਾਲ ਸਟ੍ਰੀਟ ਜਨਰਲ ਨੇ ਕੋਲੰਬੀਆ ਯੂਨੀਵਰਸਿਟੀ ’ਚ ਇਤਿਹਾਸ ਦੇ ਪ੍ਰੋਫੈਸਰ ਅਤੇ ਆਰਥਿਕ ਸੰਕਟਾਂ ਦੇ ਮਾਹਰ ਐਡਮ ਟੋਜੇ ਦੇ ਹਵਾਲੇ ਤੋਂ ਕਿਹਾ ਕਿ ਅਸੀਂ ਆਰਥਿਕ ਇਤਿਹਾਸ ਦੇ ਸਭ ਤੋਂ ਨਾਟਕੀ ਬਦਲਾਅ ਨੂੰ ਦੇਖ ਰਹੇ ਹਾਂ।

ਖਬਰ ਵਿਚ ਬੈਂਕ ਫਾਰ ਇੰਟਰਨੈਸ਼ਨਲ ਸੈਟਲਮੈਂਟਸ ਦੇ ਅੰਕੜਿਆਂ ਦੇ ਹਵਾਲੇ ਤੋਂ ਕਿਹਾ ਗਿਆ ਕਿ ਸਰਕਾਰ ਅਤੇ ਸੂਬੇ ਦੀ ਮਲਕੀਅਤ ਵਾਲੀਆਂ ਕੰਪਨੀਆਂ ਦੇ ਵੱਖ-ਵੱਖ ਪੱਧਰਾਂ ਦੇ ਕਰਜ਼ੇ ਸਮੇਂ ਕੁੱਲ ਕਰਜ਼ਾ 2022 ਤੱਕ ਚੀਨ ਦੇ ਕੁੱਲ ਘਰੇਲੂ ਉਤਪਾਦ ਦਾ ਕਰੀਬ 300 ਫੀਸਦੀ ਹੋ ਗਿਆ ਹੈ ਜੋ ਅਮਰੀਕੀ ਪੱਧਰ ਨੂੰ ਪਾਰ ਕਰ ਗਿਆ। ਇਹ 2012 ਵਿਚ 200 ਫੀਸਦੀ ਤੋਂ ਵੀ ਘੱਟ ਸੀ। ਦੂਜੇ ਪਾਸੇ ਚੀਨ ਦੇ ਨੈਸ਼ਨਲ ਸਟੈਟਿਕਸ ਬਿਊਰੋ (ਐੱਨ. ਬੀ. ਐੱਸ.) ਨੇ ਜੂਨ ਵਿਚ ਕਿਹਾ ਸੀ ਕਿ ਚੀਨ ਦਾ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) 2023 ਦੀ ਪਹਿਲੀ ਛਿਮਾਹੀ (ਐੱਚ1) ਵਿਚ ਸਾਲਾਨਾ ਆਧਾਰ ’ਤੇ 5.5 ਫੀਸਦੀ ਵਧਿਆ। ਪਹਿਲੀ ਛਿਮਾਹੀ ’ਚ ਚੀਨ ਦੀ ਜੀ. ਡੀ. ਪੀ. 59,300 ਅਰਬ ਯੁਆਨ ਰਿਹਾ।

Leave a Reply

Your email address will not be published. Required fields are marked *