ਚੰਦਰਮਾ ਦੀ ਸਤ੍ਹਾ ’ਤੇ ਕੰਮ ’ਤੇ ਲੱਗੇ ‘ਵਿਕਰਮ’ ਅਤੇ ‘ਪ੍ਰਗਿਆਨ’

ਚੰਨ ’ਤੇ ਸਫਲ ਲੈਂਡਿੰਗ ਤੋਂ ਬਾਅਦ ਲੈਂਡਰ ‘ਵਿਕਰਮ’ ਅਤੇ ਉਸ ਦੇ ਰੋਵਰ ‘ਪ੍ਰਗਿਆਨ’ ਵੀਰਵਾਰ ਨੂੰ ਚੰਦਰਮਾ ਦੀ ਸਤ੍ਹਾ ’ਤੇ ਐਕਟਿਵ ਹੋ ਗਏ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸਵੇਰੇ 08.31 ਵਜੇ ਸੋਸਲ ਮੀਡੀਆ ਮੰਚ ‘ਐਕਸ’ ’ਤੇ ਜਾਰੀ ਕੀਤੀ ਇਕ ਪੋਸਟ ’ਚ ਕਿਹਾ ਕਿ ਚੰਦਰਯਾਨ-3 ਦਾ ਰੋਵਰ (ਪ੍ਰਗਿਆਨ) ਲੈਂਡਰ ਵਿਕਰਮ ਦੇ ਰੈਂਪ ਤੋਂ ਉਤਰ ਕੇ ਚੰਨ ਦੀ ਸਤ੍ਹਾ ’ਤੇ ਚੱਲ ਰਿਹਾ ਹੈ। ਸ਼ਾਮ 6 ਵਜੇ ਇਸਰੋ ਨੇ ਦੱਸਿਆ ਕਿ ਚੰਦਰਯਾਨ-3 ਦੇ ਸਾਰੇ ਉਪਕਰਣ ਤੈਅ ਯੋਜਨਾ ਅਨੁਸਾਰ ਐਕਟਿਵ ਹੋ ਗਏ ਹਨ। ਲੈਂਡਰ ਮਾਡਿਊਲ ਦੇ ਪੇਲੋਡਸ ਇਲਸਾ, ਰੰਭਾ ਅਤੇ ਚਾਸਟੇ ਨੇ ਵੀਰਵਾਰ ਨੂੰ ਕੰਮ ਸ਼ੁਰੂ ਕਰ ਦਿੱਤਾ। ਰੋਵਰ ਨੂੰ ਚੰਨ ਦੀ ਸਤ੍ਹਾ ’ਤੇ ਕਮਾਨ ਸੌਂਪੀ ਗਈ ਹੈ। ਇਸਰੋ ਵੱਲੋਂ ਲੈਂਡਰ ਦੇ ਇਮੇਜਰ ਕੈਮਰਿਆਂ ਵੱਲੋਂ ਲਈਆਂ ਗਈਆਂ ਸਤ੍ਹਾ ਦੀਆਂ ਤਸਵੀਰਾਂ ਦੀ ਇਕ ਵੀਡੀਓ ਵੀ ਜਾਰੀ ਕੀਤੀ ਗਈ।

ਜਿੱਥੇ ਸੋਚਿਆ ਸੀ ਉਥੇ ਹੀ ਉਤਰਿਆ ‘ਵਿਕਰਮ’
ਇਸਰੋ ਦੇ ਮੁਖੀ ਐੱਸ. ਸੋਮਨਾਥ ਨੇ ਕਿਹਾ ਕਿ ਚੰਦਰਯਾਨ-3 ਪੁਲਾੜ ਗੱਡੀ ਦਾ ਲੈਂਡਰ ‘ਵਿਕਰਮ’ ਚੰਦਰਮਾ ਦੀ ਸਤ੍ਹਾ ’ਤੇ ਨਿਸ਼ਾਨਬੱਧ ਖੇਤਰ ਦੇ ਅੰਦਰ ਉਤਰਿਆ। ਲੈਂਡਰ ਨਿਸ਼ਾਨਬੱਧ ਸਥਾਨ ’ਤੇ ਠੀਕ-ਠਾਕ ਉਤਰਿਆ। ਲੈਂਡਿੰਗ ਵਾਲੀ ਥਾਂ ਨੂੰ 4.5×2.5 ਕਿ. ਮੀ. ਦੇ ਰੂਪ ’ਚ ਨਿਸ਼ਾਨਬੱਧ ਕੀਤਾ ਗਿਆ ਸੀ। ਮੈਨੂੰ ਲੱਗਦਾ ਹੈ ਕਿ ਉਸ ਥਾਂ ’ਤੇ ਅਤੇ ਉਸ ਦੇ ਸਟੀਕ ਕੇਂਦਰ ਦੀ ਪਛਾਣ ਉਤਰਣ ਦੀ ਥਾਂ ਦੇ ਰੂਪ ’ਚ ਕੀਤੀ ਗਈ ਸੀ। ਇਹ ਉਸ ਬਿੰਦੂ ਤੋਂ 300 ਮੀਟਰ ਦੇ ਘੇਰੇ ’ਚ ਉਤਰਿਆ। ਇਸ ਦਾ ਮਤਲੱਬ ਹੈ ਕਿ ਇਹ ਲੈਂਡਿੰਗ ਲਈ ਨਿਸ਼ਾਨਬੱਧ ਖੇਤਰ ਦੇ ਅੰਦਰ ਹੈ। ਇਸਰੋ ਦੇ ਮੁਖੀ ਨੇ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਰੋਵਰ ਹੁਣ ਚੰਗੀ ਤਰ੍ਹਾਂ ਕੰਮ ਕਰ ਰਿਹਾ ਹੈ।

ਲੰਮਾ ਚੱਲ ਸਕਦਾ ਹੈ ਮਿਸ਼ਨ
ਇਸਰੋ ਨੂੰ ਉਮੀਦ ਹੈ ਕਿ ਇਸ ਮਿਸ਼ਨ ਦੀ ਮਿਆਦ ਇਕ ਚੰਦਰ ਦਿਨ ਜਾਂ ਧਰਤੀ ਦੇ 14 ਦਿਨ ਤੱਕ ਸੀਮਿਤ ਨਹੀਂ ਰਹੇਗੀ ਅਤੇ ਚੰਨ ’ਤੇ ਫਿਰ ਤੋਂ ਸੂਰਜ ਨਿਕਲਣ ’ਤੇ ਇਹ ਮੁੜ ਐਕਟਿਵ ਹੋ ਸਕਦਾ ਹੈ। ਲੈਂਡਰ ਅਤੇ ਰੋਵਰ ਦੇ ਉਤਰਨ ਤੋਂ ਬਾਅਦ ਉਨ੍ਹਾਂ ’ਤੇ ਮੌਜੂਦ ਪ੍ਰਣਾਲੀਆਂ ਹੁਣ ਇਕ ਤੋਂ ਬਾਅਦ ਇਕ ਪ੍ਰਯੋਗ ਕਰਨ ਲਈ ਤਿਆਰ ਹਨ, ਤਾਂ ਕਿ ਉਨ੍ਹਾਂ ਨੂੰ 14 ਧਰਤੀ ਦਿਨਾਂ ਦੇ ਅੰਦਰ ਪੂਰਾ ਕੀਤਾ ਜਾ ਸਕੇ, ਇਸ ਤੋਂ ਪਹਿਲਾਂ ਕਿ ਚੰਦਰਮਾ ’ਤੇ ਸੰਘਣਾ ਹਨੇਰਾ ਅਤੇ ਬਹੁਤ ਜ਼ਿਆਦਾ ਠੰਡਾ ਮੌਸਮ ਹੋ ਜਾਵੇ।

ਚੰਦਰਯਾਨ ਤੋਂ ਅਣਜਾਣ ਨਿਤੀਸ਼
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਪਟਨਾ ਦੇ ਬਾਪੂ ਪ੍ਰੀਖਿਆ ਕੰਪਲੈਕਸ ਦਾ ਉਦਘਾਟਨ ਕਰਨ ਪੁੱਜੇ ਤਾਂ ਮੀਡੀਆ ਨੇ ਉਨ੍ਹਾਂ ਨੂੰ ਚੰਦਰਯਾਨ-3 ’ਤੇ ਸਵਾਲ ਪੁੱਛ ਲਿਆ। ਉਹ ਇਸ ਸਵਾਲ ਨੂੰ ਸਮਝ ਨਹੀਂ ਸਕੇ ਅਤੇ ਆਪਣੇ ਲਾਗੇ ਖੜ੍ਹੇ ਜਦ (ਯੂ) ਦੇ ਮੰਤਰੀ ਅਸ਼ੋਕ ਚੌਧਰੀ ਨੂੰ ਪੁੱਛਣ ਲੱਗੇ। ਤਾਂ ਅਸ਼ੋਕ ਚੌਧਰੀ ਨੇ ਉਨ੍ਹਾਂ ਦੇ ਕੰਨ ’ਚ ਚੰਦਰਯਾਨ-3 ਦੀ ਲੈਂਡਿੰਗ ਦੀ ਗੱਲ ਦੱਸੀ ਉਸ ਤੋਂ ਬਾਅਦ ਉਨ੍ਹਾਂ ਨੇ ਪ੍ਰਤੀਕਿਰਿਆ ਦਿੱਤੀ ਕਿ ਇਹ ਚੰਗੀ ਗੱਲ ਹੈ।

Leave a Reply

Your email address will not be published. Required fields are marked *