ਜੀ-20 ਤੋਂ ਪਹਿਲਾਂ ਵਰਲਡ ਬੈਂਕ ਨੇ ਕੀਤੀ ਭਾਰਤ ਦੀ ਤਾਰੀਫ, ਕਿਹਾ-50 ਸਾਲਾਂ ਦਾ ਕੰਮ 6 ਸਾਲਾਂ ’ਚ ਕੀਤਾ

ਵਰਲਡ ਬੈਂਕ ਨੇ ਜੀ-20 ਤੋਂ ਪਹਿਲਾਂ ਭਾਰਤ ਦੀ ਖੂਬ ਤਾਰੀਫ਼ ਕੀਤੀ ਹੈ। ਜੀ-20 ਤੋਂ ਪਹਿਲਾਂ ਤਿਆਰ ਕੀਤੇ ਗਏ ਦਸਤਾਵੇਜ਼ ਵਿਚ ਵਰਲਡ ਬੈਂਕ ਨੇ ਕਿਹਾ ਕਿ ਭਾਰਤ ਦੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ (ਡੀ. ਪੀ. ਆਈ.) ਦਾ ਅਸਰ ਵਿੱਤੀ ਸ਼ਮੂਲੀਅਤ ਨਾਲੋਂ ਕਿਤੇ ਵੱਧ ਹੈ। ਵਰਲਡ ਬੈਂਕ ਨੇ ਡਾਕੂਮੈਂਟ ’ਚ ਭਾਰਤ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਲੀਡਰਸ਼ਿਪ ’ਚ ਦੇਸ਼ ਨੇ 6 ਸਾਲਾਂ ’ਚ ਜੋ ਮੁਕਾਮ ਹਾਸਲ ਕੀਤਾ ਹੈ, ਉਹ ਪਿਛਲੇ 50 ਸਾਲਾਂ ’ਚ ਕੋਈ ਨਹੀਂ ਕਰ ਸਕਿਆ ਸੀ। ਉਸ ਨੇ ਕਿਹਾ ਕਿ ਭਾਰਤ ਨੇ ਜਨ-ਧਨ ਬੈਂਕ ਖਾਤੇ, ਆਧਾਰ ਅਤੇ ਮੋਬਾਇਲ ਫੋਨ (ਜੇ. ਏ. ਐੱਮ. ਟ੍ਰਿਨਿਟੀ) ਦੀ ਵਰਤੋਂ ਨਾਲ ਵਿੱਤੀ ਸਮਾਵੇਸ਼ ਦੀ ਦਰ ਨੂੰ 80 ਫੀਸਦੀ ਤੱਕ ਪ੍ਰਾਪਤ ਕਰਨ ’ਚ ਸਿਰਫ 6 ਸਾਲਾਂ ਦਾ ਸਮਾਂ ਲਿਆ ਹੈ, ਜਿਸ ਲਈ ਇਸ ਤਰ੍ਹਾਂ ਦੇ ਡਿਜੀਟਲ ਪੇਮੈਂਟ ਇਨਫ੍ਰਾਸਟ੍ਰਕਚਰ (ਡੀ. ਪੀ. ਆਈ.) ਤੋਂ ਬਿਨਾਂ 47 ਸਾਲ ਲੱਗ ਸਕਦੇ ਹਨ। ਵਰਲਡ ਬੈਂਕ ਨੇ ਜੀ-20 ਲਈ ਪਾਲਿਸੀ ਡਾਕੂਮੈਂਟ ਤਿਆਰ ਕੀਤਾ ਹੈ, ਜਿਸ ਵਿਚ ਉਸ ਨੇ ਭਾਰਤ ’ਚ ਜਾਰੀ ਆਰਥਿਕ ਗਤੀਵਿਧੀਆਂ ਦੀ ਖੂਬ ਤਾਰੀਫ ਕੀਤੀ ਹੈ, ਖਾਸ ਕਰ ਕੇ ਡਿਜੀਟਲ ਇੰਡੀਆ ਦੀ।

ਵਿਸ਼ਵ ਬੈਂਕ ਦੇ ਦਸਤਾਵੇਜ਼ ਮੁਤਾਬਕ ਪਿਛਲੇ ਵਿੱਤੀ ਸਾਲ ’ਚ ਭਾਰਤ ਦੀ ਨਾਮਾਤਰ ਜੀ. ਡੀ. ਪੀ. ਦਾ ਲਗਭਗ 50 ਫੀਸਦੀ ਦੇ ਬਰਾਬਰ ਮੁੱਲ ਦਾ ਯੂ. ਪੀ. ਆਈ. ਟ੍ਰਾਂਜੈਕਸ਼ਨ ਹੋਇਆ ਹੈ। ਡਿਜੀਟਲ ਪੇਮੈਂਟ ਇਨਫ੍ਰਾਸਟ੍ਰਕਚਰ ਨੇ ਨਵੇਂ ਗਾਹਕ ’ਤੇ ਬੈਂਕਾਂ ਦਾ ਖਰਚਾ ਲਗਭਗ ਖਤਮ ਕਰ ਦਿੱਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਡੀ. ਪੀ. ਆਈ. ਦੀ ਵਰਤੋਂ ਨਾਲ ਭਾਰਤ ਵਿਚ ਬੈਂਕਾਂ ਦੇ ਗਾਹਕਾਂ ਨੂੰ ਸ਼ਾਮਲ ਕਰਨ ਦੀ ਲਾਗਤ 23 ਡਾਲਰ (ਕਰੀਬ 1900 ਰੁਪਏ) ਤੋਂ ਘਟ ਕੇ 0.1 ਡਾਲਰ (ਕਰੀਬ 8 ਰੁਪਏ) ਹੋ ਗਈ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਯੂ. ਪੀ. ਆਈ. ਨੂੰ ਵੱਡੇ ਪੈਮਾਨੇ ’ਤੇ ਅਪਣਾਇਆ ਗਿਆ ਹੈ, ਜਿਸ ਨੂੰ ਯੂਜ਼ਰ ਅਨਕੂਲ ਇੰਟਰਫੇਸ, ਓਪਨ ਬੈਂਕਿੰਗ ਸਹੂਲਤਾਂ ਅਤੇ ਨਿੱਜੀ ਖੇਤਰ ਦੀ ਭਾਈਵਾਲੀ ਦਾ ਫਾਇਦਾ ਮਿਲਿਆ ਹੈ। ਯੂ. ਪੀ. ਆਈ. ਪਲੇਟਫਾਰਮ ਨੇ ਭਾਰਤ ਵਿਚ ਜ਼ਬਰਦਸਤ ਲੋਕਪ੍ਰਿਯਤਾ ਹਾਸਲ ਕੀਤੀ ਹੈ। ਮਈ 2023 ਵਿਚ ਹੀ 9.41 ਅਰਬ ਲੈਣ-ਦੇਣ ਹੋਏ, ਜਿਨ੍ਹਾਂ ਦੀ ਕੀਮਤ ਲਗਭਗ 14.89 ਲੱਖ ਕਰੋੜ ਰੁਪਏ ਸੀ।

ਰਿਪੋਰਟ ’ਚ ਦੱਸਿਆ ਗਿਆ ਹੈ ਕਿ ਭਾਰਤ ਨੇ ਪਿਛਲੇ ਇਕ ਦਹਾਕੇ ਵਿਚ ਡੀ. ਪੀ. ਆਈ. ਦਾ ਲਾਭ ਉਠਾਉਂਦੇ ਹੋਏ ਦੁਨੀਆ ਦੇ ਵੱਡੇ ਡਾਇਰੈਕਟ ਬੈਨੇਫਿਟ ਟ੍ਰਾਂਸਫਰ (ਡੀ. ਬੀ. ਟੀ.) ਇਨਫ੍ਰਾਸਟ੍ਰਕਚਰ ਦਾ ਨਿਰਮਾਣ ਕੀਤਾ ਹੈ। ਰਿਪੋਰਟ ਕਹਿੰਦੀ ਹੈ ਕਿ ਇਸ ਪਹਿਲ ਨੇ 53 ਕੇਂਦਰੀ ਮੰਤਰਾਲਿਆਂ ਨੂੰ 312 ਪ੍ਰਮੁੱਖ ਯੋਜਨਾਵਾਂ ਦੇ ਮਾਧਿਅਮ ਰਾਹੀਂ ਸਿੱਧ ਲਾਭਪਾਤਰੀਆਂ ਦੇ ਖਾਤੇ ’ਚ 361 ਅਰਬ ਡਾਲਰ (ਕਰੀਬ 30 ਹਜ਼ਾਰ ਅਰਬ ਰੁਪਏ) ਦੀ ਟ੍ਰਾਂਜੈਕਸ਼ਨ ਸੌਖਾਲੀ ਕਰ ਦਿੱਤੀ। ਮਾਰਚ 2022 ਤੱਕ ਇਸ ਨੇ ਕੁੱਲ 33 ਅਰਬ ਡਾਲਰ (ਕਰੀਬ 2,738 ਅਰਬ ਰੁਪਏ) ਦੀ ਬੱਚਤ ਕੀਤੀ ਜੋ ਜੀ. ਡੀ. ਪੀ. ਦੇ ਲਗਭਗ 1.14 ਫੀਸਦੀ ਦੇ ਬਰਾਬਰ ਹੈ। ਵਰਲਡ ਬੈਂਕ ਨੇ ਵਿੱਤੀ ਸ਼ਮੂਲੀਅਤ ਲਈ ਗਲੋਬਲ ਸਾਂਝੇਦਾਰੀ (ਜੀ. ਪੀ. ਐੱਫ. ਆਈ.) ਦੇ ਇਕ ਇੰਪਲੀਮੈਂਟਿੰਗ ਪਾਰਟਨਰ ਵਜੋਂ ਜੀ. ਪੀ. ਐੱਫ. ਆਈ. ਦਸਤਾਵੇਜ਼ ਤਿਆਰ ਕੀਤਾ ਹੈ। ਇਸ ਵਿਚ ਭਾਰਤ ਦੇ ਵਿੱਤ ਮੰਤਰਾਲਾ ਅਤੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵਲੋਂ ਮੁਹੱਈਆ ਕਰਵਾਈਆਂ ਗਈਆਂ ਜਾਣਕਾਰੀਆਂ ਸ਼ਾਮਲ ਹਨ। ਭਾਰਤ ਜੀ-20 ਸਿਖਰ ਸੰਮੇਲਨ ਵਿਚ ਡਿਜੀਟਲ ਪੇਮੈਂਟ ਅਤੇ ਵਿੱਤੀ ਸ਼ਮੂਲੀਅਤ ਦੇ ਮੋਰਚੇ ’ਤੇ ਆਪਣੀਆਂ ਸਫਲਤਾਵਾਂ ਦੀ ਕਹਾਣੀ ਵੀ ਦੱਸਣ ਜਾ ਰਿਹਾ ਹੈ।

Leave a Reply

Your email address will not be published. Required fields are marked *