ਜੇ ਅਗਲੇ ਸਾਲ ਕੇਂਦਰ ’ਚ ਮੁੜ ਭਾਜਪਾ ਦੀ ਸਰਕਾਰ ਬਣੀ ਤਾਂ ਭਵਿੱਖ ’ਚ ਕੋਈ ਵੀ ਵੋਟ ਨਹੀਂ ਪਾ ਸਕੇਗਾ : ਅਖਿਲੇਸ਼
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਜੇ 2024 ’ਚ ਕੇਂਦਰ ’ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਮੁੜ ਬਣ ਗਈ ਤਾਂ ਸੰਭਵ ਹੈ ਕਿ ਭਵਿਖ ਵਿੱਚ ਕੋਈ ਵੀ ਵੋਟ ਨਹੀਂ ਪਾ ਸਕੇਗਾ। ਘੋਸੀ ਵਿਧਾਨ ਸਭਾ ਉਪ ਚੋਣ ਲਈ ਸਪਾ ਉਮੀਦਵਾਰ ਸੁਧਾਕਰ ਸਿੰਘ ਦੇ ਹੱਕ ਵਿੱਚ ਮੰਗਲਵਾਰ ਆਯੋਜਿਤ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਾਂਗਰਸ, ਖੱਬੀਆਂ ਪਾਰਟੀਆਂ ਦੇ ਆਗੂਆਂ ਅਤੇ ਸਪਾ ਨੂੰ ਹਮਾਇਤ ਦੇਣ ਵਾਲੇ ਸੁਹੇਲਦੇਵ ਸਵਾਭਿਮਾਨ ਪਾਰਟੀ ਦੇ ਮਹਿੰਦਰ ਰਾਜਭਰ ਦਾ ਧੰਨਵਾਦ ਕੀਤਾ। ਸੱਤਾਧਾਰੀ ਪਾਰਟੀ ’ਤੇ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਮਹਿੰਦਰ ਰਾਜਭਰ ਦੀ ਪਾਰਟੀ ਚੋਣ ਲੜਨਾ ਚਾਹੁੰਦੇ ਸੀ, ਪਰ ਉਨ੍ਹਾਂ ਦੇ ਉਮੀਦਵਾਰ ਨੂੰ ਆਪਣਾ ਫਾਰਮ ਵੀ ਨਹੀਂ ਭਰਨ ਦਿੱਤਾ ਗਿਆ। ਇਹ ਭਾਜਪਾ ਦਾ ਨਵਾਂ ਤਰੀਕਾ ਹੈ ਜੋ ਲੋਕਾਂ ਨੂੰ ਚੋਣ ਨਹੀਂ ਲੜਨ ਦਿੰਦਾ।
ਯਾਦਵ ਨੇ ਖਦਸ਼ਾ ਪ੍ਰਗਟਾਇਆ ਕਿ ਭਾਜਪਾ ਅਜੇ ਉਨ੍ਹਾਂ ਨੂੰ ਰੋਕ ਰਹੀ ਹੈ। ਜੇ ਉਹ 2024 ’ਚ ਸਰਕਾਰ ਬਣਾਉਂਦੀ ਹੈ ਤਾਂ ਸੰਭਵ ਹੈ ਕਿ ਅਸੀਂ ਅਤੇ ਤੁਸੀਂ ਭਵਿੱਖ ਵਿੱਚ ਕਦੇ ਵੀ ਵੋਟ ਨਾ ਪਾ ਸਕੀਏ। ਜ਼ਿਕਰਯੋਗ ਹੈ ਕਿ ਘੋਸੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ 18 ਅਗਸਤ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੌਰਾਨ ਸੁਹੇਲਦੇਵ ਸਵਾਭਿਮਾਨ ਪਾਰਟੀ ਦੇ ਉਮੀਦਵਾਰ ਅਰਵਿੰਦ ਕੁਮਾਰ ਰਾਜਭਰ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਸਨ।