ਜੋ 60 ਸਾਲਾਂ ’ਚ ਨਹੀਂ ਹੋ ਸਕਿਆ, ਮੋਦੀ ਨੇ 8 ਸਾਲਾਂ ’ਚ ਕਰ ਵਿਖਾਇਆ : ਅਨੁਰਾਗ ਠਾਕੁਰ

ਭਾਰਤ ਦੇ ਇਤਿਹਾਸਕ ਚੰਦਰ ਮਿਸ਼ਨ ਅਤੇ ਕਈ ਹੋਰ ਕੇਂਦਰੀ ਯੋਜਨਾਵਾਂ ਦਾ ਹਵਾਲਾ ਦਿੰਦੇ ਹੋਏ ਕੇਂਦਰੀ ਸੂਚਨਾ, ਪ੍ਰਸਾਰਣ, ਖੇਡ ਅਤੇ ਯੁਵਾ ਮਾਮਲਿਆਂ ਦੇ ਮੰਤਰੀ ਅਨੁਰਾਗ ਠਾਕੁਰ ਨੇ ਸ਼ਨੀਵਾਰ ਕਿਹਾ ਕਿ ਜੋ 60 ਸਾਲਾਂ ’ਚ ਨਹੀਂ ਹੋ ਸਕਿਆ, ਨਰਿੰਦਰ ਮੋਦੀ ਨੇ ਉਹ 8 ਸਾਲਾਂ ’ਚ ਕਰ ਵਿਖਾਇਆ। ਉਨ੍ਹਾਂ ਕਿਹਾ ਕਿ ਭਾਰਤ ਚੰਦਰਮਾ ਦੇ ਦੱਖਣੀ ਸਿਰੇ ਤੇ ਚੰਦਰਯਾਨ ਉਤਾਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਹੈ। ਇਹ ਸਾਡੇ ਲਈ ਮਾਣ ਵਾਲਾ ਪਲ ਹੈ। ਅਨੁਰਾਗ ਇੱਥੇ ਪ੍ਰਧਾਨ ਮੰਤਰੀ ਮੋਦੀ ਦੇ ਚੋਣਵੇਂ ਭਾਸ਼ਣਾਂ ਦੇ ਸੰਗ੍ਰਹਿ ’ਤੇ ਆਧਾਰਿਤ ਦੋ ਪੁਸਤਕਾਂ ‘‘ਸਬ ਕਾ ਸਾਥ, ਸਬ ਕਾ ਵਿਕਾਸ, ਸਬ ਕਾ ਵਿਸ਼ਵਾਸ’ ਰਿਲੀਜ਼ ਕਰਨ ਲਈ ਕਰਵਾਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਠਾਕੁਰ ਨੇ ਕਿਹਾ ਮੋਦੀ ਜੀ ਨੇ ਅੱਠ ਸਾਲਾਂ ’ਚ ਪੱਕੇ ਘਰ ਬਣਾ ਕੇ ਚਾਰ ਕਰੋੜ ਗਰੀਬਾਂ ਨੂੰ ਦਿੱਤੇ।

ਭੈਣਾਂ ਅਤੇ ਪਰਿਵਾਰਾਂ ਨੂੰ 12 ਕਰੋੜ ਟਾਇਲਟਾਂ ਦਿੱਤੀਆਂ। ਹਰ ਪਿੰਡ ਵਿੱਚ ਬਿਜਲੀ ਪਹੁੰਚਾਈ ਗਈ। ਮੋਦੀ ਜੀ ਨੇ ਕੋਵਿਡ ਮਹਾਮਾਰੀ ਦੌਰਾਨ ਢਾਈ ਸਾਲਾਂ ਤੱਕ 80 ਕਰੋੜ ਗਰੀਬ ਲੋਕਾਂ ਨੂੰ ਦੁੱਗਣਾ ਰਾਸ਼ਨ ਦੇਣ ਦਾ ਕੰਮ ਕੀਤਾ । ਹੁਣ ਸਿਰਫ ਤਿੰਨ ਸਾਲਾਂ ਵਿੱਚ 12 ਕਰੋੜ ਘਰਾਂ ਨੂੰ ਟੂਟੀਆਂ ਦਾ ਪਾਣੀ ਦੇਣ ਦਾ ਕੰਮ ਕੀਤਾ ਹੈ। ਪਿਛਲੇ ਨੌਂ ਸਾਲਾਂ ਵਿੱਚ ਮੋਦੀ ਜੀ ਨੇ ਆਯੂਸ਼ਮਾਨ ਭਾਰਤ ਯੋਜਨਾ ਤਹਿਤ 60 ਕਰੋੜ ਲੋਕਾਂ ਦਾ 5 ਲੱਖ ਰੁਪਏ ਦਾ ਮੁਫਤ ਇਲਾਜ ਕਰਨ ਦਾ ਕੰਮ ਕੀਤਾ ਹੈ। ਮਨਾਲੀ ’ਚ ਅਟਲ ਸੁਰੰਗ, ਜੰਮੂ ਖੇਤਰ ’ਚ ਚੇਨਾਬ ਨਦੀ ਉੱਤੇ ਬਣੇ ਰੇਲਵੇ ਪੁਲ ਅਤੇ ਗੁਜਰਾਤ ਵਿੱਚ ਸਰਦਾਰ ਪਟੇਲ ਦੀ ਮੂਰਤੀ ਦਾ ਜ਼ਿਕਰ ਕਰਦੇ ਹੋਏ ਠਾਕੁਰ ਨੇ ਕਿਹਾ ਇਹ ਨਵੇਂ ਭਾਰਤ ਦੀ ਪਛਾਣ ਹਨ।

Leave a Reply

Your email address will not be published. Required fields are marked *