ਟਿਕਾਊ ਵਿਕਾਸ ਲਈ ਮਹਿੰਗਾਈ ਨੂੰ ਕਾਬੂ ’ਚ ਰੱਖਣਾ ਮੇਰੀ ਤਰਜੀਹ : ਸੀਤਾਰਾਮਨ

ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਟਿਕਾਊ ਵਿਕਾਸ ਨੂੰ ਯਕੀਨੀ ਕਰਨ ਲਈ ਮਹਿੰਗਾਈ ਨੂੰ ਕਾਬੂ ’ਚ ਰੱਖਣਾ ਸਰਕਾਰ ਦੀ ਤਰਜੀਹ ਹੈ। ਸੀਤਾਰਾਮਨ ਨੇ ਇੱਥੇ ਬੀ-20 ਸਿਖਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਕ ਲੰਬੀ ਮਿਆਦ ਤੱਕ ਵਿਆਜ ਦਰਾਂ ਦੇ ਉੱਚੇ ਪੱਧਰ ’ਤੇ ਰਹਿਣ ਨਾਲ ਆਰਥਿਕ ਗਤੀਵਿਧੀਆਂ ਦੇ ਰਿਵਾਈਵਲ ’ਤੇ ਉਲਟ ਅਸਰ ਪੈ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਹਾਲਾਤ ਨੂੰ ਧਿਆਨ ’ਚ ਰੱਖਦੇ ਹੋਏ ਮੇਰੀ ਤਰਜੀਹ ਮਹਿੰਗਾਈ ਨੂੰ ਕਾਬੂ ’ਚ ਰੱਖਣ ਦੀ ਹੈ। ਰਿਟੇਲ ਮਹਿੰਗਾਈ ਜੁਲਾਈ ਦੇ ਮਹੀਨੇ ’ਚ ਵਧ ਕੇ 7.44 ਫੀਸਦੀ ਹੋ ਗਈ ਜੋ ਪਿਛਲੇ 15 ਮਹੀਨਿਆਂ ਦਾ ਉੱਚ ਪੱਧਰ ਹੈ। ਇਸ ਵਿਚ ਟਮਾਟਰ ਸਮੇਤ ਮੌਸਮੀ ਸਬਜ਼ੀਆਂ ਦੀਆਂ ਕੀਮਤਾਂ ’ਚ ਹੋਏ ਵਾਧੇ ਦੀ ਅਹਿਮ ਭੂਮਿਕਾ ਰਹੀ ਹੈ। ਹਾਲਾਂਕਿ ਵਿੱਤ ਮੰਤਰੀ ਨੇ ਉਮੀਦ ਪ੍ਰਗਟਾਈ ਕਿ ਭਾਰਤ ਦੀ ਆਰਥਿਕ ਵਿਕਾਸ ਦਰ ਅਪ੍ਰੈਲ-ਜੂਨ ਤਿਮਾਹੀ ’ਚ ਚੰਗੀ ਰਹਿਣੀ ਚਾਹੀਦੀ ਹੈ।

ਇਸ ਤਿਮਾਹੀ ਦੇ ਅੰਕੜੇ 31 ਅਗਸਤ ਨੂੰ ਜਾਰੀ ਹੋਣ ਵਾਲੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਆਰਥਿਕ ਸੁਧਾਰਾਂ ਦੀ ਰਫਤਾਰ ਤੇਜ਼ ਕਰਨ ’ਚ ਸਫ਼ਲ ਰਿਹਾ ਹੈ। ਸੀਤਾਰਾਮਨ ਨੇ ਕਿਹਾ ਕਿ ਜਨਤਕ ਪੂੰਜੀਗਤ ਖਰਚ ਵਧਾਉਣ ਦਾ ਬਜਟ ’ਚ ਐਲਾਨ ਕੀਤੇ ਜਾਣ ਤੋਂ ਬਾਅਦ ਨਿੱਜੀ ਖੇਤਰ ਦੇ ਪੂੰਜੀਗਤ ਖਰਚੇ ਦੇ ਹਾਂਪੱਖੀ ਸੰਕੇਤ ਵੀ ਨਜ਼ਰ ਆਉਣ ਲੱਗੇ ਹਨ। ਉਨ੍ਹਾਂ ਨੇ ਵਿਦੇਸ਼ੀ ਨਿਵੇਸ਼ ਨੂੰ ਆਰਥਿਕ ਵਿਕਾਸ ਲਈ ਅਹਿਮ ਦੱਸਦੇ ਹੋਏ ਕਿਹਾ ਕਿ ਸਰਕਾਰ ਨੇ ਨਿਵੇਸ਼ ਆਕਰਸ਼ਿਤ ਕਰਨ ਲਈ ਕਈ ਸੁਧਾਰ ਕੀਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਜਲਵਾਯੂ ਬਦਲਾਅ ਨਾਲ ਸਬੰਧਤ ਗਤੀਵਿਧੀਆਂ ਲਈ ਫੰਡਿੰਗ ਦਾ ਵੀ ਜ਼ਿਕਰ ਕੀਤਾ।

Leave a Reply

Your email address will not be published. Required fields are marked *