ਨਫਰਤ ਦੇ ਬਾਜ਼ਾਰ ’ਚ ਖੁੱਲ੍ਹ ਰਹੀ ਹੈ ਮੁਹੱਬਤ ਦੀ ਦੁਕਾਨ : ਰਾਹੁਲ ਗਾਂਧੀ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਨ੍ਹਾਂ ਦੀ ‘ਭਾਰਤ ਜੋੜੋ ਯਾਤਰਾ’ ਦੀ ਪਹਿਲੀ ਵਰ੍ਹੇਗੰਢ ਹੈ ਅਤੇ ਉਦੋਂ ਤੋਂ ਹੀ ਨਫ਼ਰਤ ਦੇ ਬਾਜ਼ਾਰ ਵਿਚ ਮੁਹੱਬਤ ਦੀਆਂ ਦੁਕਾਨਾਂ ਲਗਾਤਾਰ ਖੁੱਲ੍ਹ ਰਹੀਆਂ ਹਨ। ਗਾਂਧੀ ਨੇ ‘ਐਕਸ’ ’ਤੇ ਲਿਖਿਆ : ‘ਭਾਰਤ ਜੋੜੋ ਯਾਤਰਾ’ ਦਾ ਇਕ ਸਾਲ। ਨਫਰਤ ਦੇ ਬਾਜ਼ਾਰ ਵਿਚ ਮੁਹੱਬਤ ਦੀਆਂ ਦੁਕਾਨਾਂ ਖੁੱਲ੍ਹ ਰਹੀਆਂ ਹਨ। ਭਾਰਤ ਜੋੜੋ ਯਾਤਰਾ ਦੇ ਏਕਤਾ ਅਤੇ ਮੁਹੱਬਤ ਵੱਲ ਕਰੋੜਾਂ ਕਦਮ, ਦੇਸ਼ ਦੇ ਬਿਹਤਰ ਕੱਲ ਦੀ ਬੁਨਿਆਦ ਬਣੇ ਹਨ। ਯਾਤਰਾ ਜਾਰੀ ਹੈ-ਨਫਰਤ ਮਿਟਣ ਤੱਕ, ਭਾਰਤ ਜੁੜਨ ਤੱਕ। ਇਹ ਵਾਅਦਾ ਹੈ ਮੇਰਾ। ਇਸਦੇ ਨਾਲ ਹੀ ਉਨ੍ਹਾਂ ਨੇ ਭਾਰਤ ਜੋੜੋ ਯਾਤਰਾ ’ਤੇ ਇਕ ਆਡੀਓ ਵੀ ਪੋਸਟ ਕੀਤਾ ਹੈ ਜਿਸ ਵਿਚ ਭਾਰਤ ਜੋੜੋ ਯਾਤਰਾ ਦੀਆਂ ਝਾਂਕੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਗਾਂਧੀ ਨੂੰ ਯਾਤਰਾ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਭਾਰਤ ਜੋੜੋ ਯਾਤਰਾ ਦੇ ਇਕ ਸਾਲ ਪੂਰੇ ਹੋਣ ’ਤੇ ਮੈਂ ਭਾਰਤੀ ਰਾਸ਼ਟਰੀ ਕਾਂਗਰਸ ਵਲੋਂ ਰਾਹੁਲ ਗਾਂਧੀ, ਸਾਰੇ ਭਾਰਤੀ ਯਾਤਰੀਆਂ ਅਤੇ ਸਾਡੇ ਲੱਖਾਂ ਨਾਗਰਿਕਾਂ ਨੂੰ ਵਧਾਈ ਦਿੰਦਾ ਹਾਂ, ਜੋ ਇਸ ਯਾਤਰਾ ਵਿਚ ਸ਼ਾਮਲ ਹੋਏ।

ਪਾਰਟੀ ਦੇ ਸੰਚਾਰ ਵਿਭਾਗ ਦੇ ਇੰਚਾਰਜ ਜੈਰਾਮ ਰਮੇਸ਼ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਭਾਰਤੀ ਰਾਜਨੀਤੀ ਵਿਚ ਇਕ ਬੇਹੱਦ ਹੀ ਤਬਦੀਲੀ ਵਾਲੀ ਘਟਨਾ ਸੀ। ਇਹ ਯਾਤਰਾ ਵਧ ਰਹੀ ਆਰਥਿਕ ਅਸਮਾਨਤਾ, ਵਧ ਰਹੇ ਸਮਾਜਿਕ ਧਰੁਵੀਕਰਨ ਅਤੇ ਸਿਆਸੀ ਤਾਨਾਸ਼ਾਹੀ ਵਰਗੇ ਵਿਸ਼ਿਆਂ ’ਤੇ ਕੇਂਦਰਿਤ ਸੀ। ਰਾਹੁਲ ਗਾਂਧੀ ਨੇ ਯਾਤਰਾ ਦੌਰਾਨ ਆਪਣੇ ਮਨ ਦੀ ਗੱਲ ਨਹੀਂ ਕੀਤੀ ਸਗੋਂ ਇਸ ਮੌਕੇ ਦੀ ਵਰਤੋਂ ਜਨਤਾ ਦੀ ਚਿੰਤਾ ਨੂੰ ਸੁਣਨ ਲਈ ਕੀਤੀ।ਇਹ ਯਾਤਰਾ ਅੱਜ ਵੀ ਵੱਖ-ਵੱਖ ਰੂਪਾਂ ਵਿਚ ਜਾਰੀ ਹੈ। ਇਹ ਦੇਸ਼ ਭਰ ’ਚ ਵਿਦਿਆਰਥੀਆਂ, ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਖੇਤੀਬਾੜੀ ਮਜ਼ਦੂਰਾਂ, ਮਕੈਨਿਕਾਂ, ਸਬਜ਼ੀਆਂ ਦੇ ਵਪਾਰੀਆਂ, ਐੱਮ. ਐੱਸ. ਐੱਮ. ਈ. ਨਾਲ ਰਾਹੁਲ ਗਾਂਧੀ ਦੀਆਂ ਮੁਲਾਕਾਤਾਂ ਅਤੇ ਮਣੀਪੁਰ ਵਿਚ ਉਨ੍ਹਾਂ ਦੀ ਮੌਜੂਦਗੀ ਦੇ ਨਾਲ-ਨਾਲ ਲੱਦਾਖ ਦੀ ਉਨ੍ਹਾਂ ਦੀ ਹਫਤੇ ਭਰ ਦੀ ਵਿਸਥਾਰਤ ਯਾਤਰਾ ਤੋਂ ਸਪਸ਼ਟ ਹੈ।

Leave a Reply

Your email address will not be published. Required fields are marked *