ਨੂਹ ਹਿੰਸਾ : 101 ਮਹਿਲਾ ਵਕੀਲਾਂ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਲਿਖੀ ਚਿੱਠੀ
ਹਰਿਆਣਾ ’ਚ ਨੂਹ ਹਿੰਸਾ ਤੋਂ ਬਾਅਦ ਮੁਸਲਮਾਨਾਂ ਦੇ ਬਾਈਕਾਟ ਦੀ ਵੀਡੀਓ ਦਾ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਹੈ। ਵੀਰਵਾਰ ਦਿੱਲੀ ਹਾਈ ਕੋਰਟ ਦੀਆਂ ਮਹਿਲਾ ਵਕੀਲਾਂ ਦੇ ਫੋਰਮ ਨੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਨੂੰ ਚਿੱਠੀ ਭੇਜੀ। ਇਸ ’ਚ ਸੋਸ਼ਲ ਮੀਡੀਆ ’ਤੇ ਮੁਸਲਿਮ ਬਾਈਕਾਟ ਦੀਆਂ ਚੱਲ ਰਹੀਆਂ ਵੀਡੀਓਜ਼ ਅਤੇ ਹੋਰ ਸਮੱਗਰੀ ’ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ। 101 ਮਹਿਲਾ ਵਕੀਲਾਂ ਦੇ ਹਸਤਾਖਰਾਂ ਵਾਲੀ 3 ਪੰਨਿਆਂ ਦੀ ਚਿੱਠੀ ਵਿੱਚ ਸੁਪਰੀਮ ਕੋਰਟ ਦੇ ਪੁਰਾਣੇ ਕੇਸਾਂ ਦੇ ਫੈਸਲਿਆਂ ਦਾ ਵੀ ਹਵਾਲਾ ਦਿੱਤਾ ਗਿਆ ਹੈ। ਨਫਰਤ ਭਰੇ ਭਾਸ਼ਣ ਵਾਲੇ ਵੀਡੀਓਜ਼ ’ਤੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਸੁਪਰੀਮ ਕੋਰਟ ’ਚ 3 ਮੰਗਾਂ ਰੱਖੀਆਂ ਹਨ। ਹਰਿਆਣਾ ਸਰਕਾਰ ਕੋਲੋਂ ਇਨ੍ਹਾਂ ’ਤੇ ਰੋਕ ਲਾਉਣ, ਭਾਸ਼ਣਾਂ ਦੀਆਂ ਵੀਡੀਓਜ਼ ’ਤੇ ਪਾਬੰਦੀ ਲਾਉਣ ਅਤੇ ਇਸ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।
ਮਹਿਲਾ ਵਕੀਲਾਂ ਨੇ ਕਿਹਾ ਕਿ ਹਰਿਆਣਾ ਵਿਚ ਰੈਲੀਆਂ ਦੌਰਾਨ ਇਹ ਨਫ਼ਰਤ ਭਰੇ ਵੀਡੀਓ ਰਿਕਾਰਡ ਕੀਤੇ ਗਏ ਹਨ। ਸੁਪਰੀਮ ਕੋਰਟ ਨੇ ਨਫ਼ਰਤ ਭਰੇ ਭਾਸ਼ਣ ਨਾ ਦੇਣ ਦਾ ਹੁਕਮ ਦਿੱਤਾ ਸੀ। ਇਸ ਦੇ ਬਾਵਜੂਦ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਭਾਸ਼ਣ ਕਰਨ ਵਾਲਿਆਂ ਨੂੰ ਤੁਰੰਤ ਫੜਿਆ ਜਾਵੇ ਅਤੇ ਉਨ੍ਹਾਂ ’ਤੇ ਪਾਬੰਦੀ ਲਾਈ ਜਾਵੇ। ਮਹਿਲਾ ਵਕੀਲਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਉਸ ਹੁਕਮ ਦਾ ਵੀ ਹਵਾਲਾ ਦਿੱਤਾ ਹੈ, ਜਿਸ ਵਿਚ ਨੂਹ ਵਿਚ ਢਾਹੁਣ ਦੀ ਕਾਰਵਾਈ ’ਤੇ ਰੋਕ ਲਾਈ ਗਈ ਸੀ।