ਨੇਪਾਲ ਤੋਂ ਟਮਾਟਰ ਅਤੇ ਅਫਰੀਕਾ ਤੋਂ ਦਾਲ, ਇੰਝ ਮਹਿੰਗਾਈ ’ਤੇ ਕਾਬੂ ਪਾਏਗੀ ਸਰਕਾਰ

ਭਾਰਤ ਹੁਣ ਮਹਿੰਗਾਈ ’ਤੇ ਬ੍ਰੇਕ ਲਗਾਉਣ ਲਈ ਨੇਪਾਲ ਤੋਂ ਟਮਾਟਰ ਅਤੇ ਅਫਰੀਕਾ ਤੋਂ ਦਾਲ ਖਰੀਦੇਗਾ। ਇਸ ਲਈ ਕੇਂਦਰ ਸਰਕਾਰ ਦੀ ਨੇਪਾਲ ਅਤੇ ਅਫਰੀਕਾ ਨਾਲ ਡੀਲ ਹੋ ਗਈ ਹੈ। ਖਾਸ ਗੱਲ ਇਹ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਸੰਸਦ ਭਵਨ ’ਚ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਟਮਾਟਰ ਦੀਆਂ ਵਧਦੀਆਂ ਕੀਮਤਾਂ ’ਤੇ ਲਗਾਮ ਲਗਾਉਣ ਲਈ ਭਾਰਤ ਨੇਪਾਲ ਤੋਂ ਵੱਡੇ ਪੱਧਰ ’ਤੇ ਟਮਾਟਰ ਦਾ ਇੰਪੋਰਟ ਕਰੇਗਾ। ਟਮਾਟਰ ਦੀਆਂ ਖੇਪਾਂ ਦਾ ਇੰਪੋਰਟ ਸਭ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਵਾਰਾਣਸੀ, ਲਖਨਊ ਅਤੇ ਕਾਨਪੁਰ ’ਚ ਹੋਵੇਗਾ। ਸਰਕਾਰ ਨੂੰ ਉਮੀਦ ਹੈ ਕਿ ਇਸ ਨਾਲ ਟਮਾਟਰ ਦੀਆਂ ਕੀਮਤਾਂ ’ਚ ਗਿਰਾਵਟ ਆਵੇਗੀ। ਉੱਥੇ ਹੀ ਨੇਪਾਲ ਨੇ ਵੀ ਭਾਰਤ ’ਚ ਟਮਾਟਰ ਐਕਸਪੋਰਟ ਕਰਨ ਨੂੰ ਲੈਕੇ ਰੁਚੀ ਦਿਖਾਈ ਹੈ। ਖੇਤੀਬਾੜੀ ਮੰਤਰਾਲਾ ਦੀ ਬੁਲਾਰਨ ਸ਼ਬਨਮ ਸ਼ਿਵਕੋਟੀ ਦਾ ਕਹਿਣਾ ਹੈ ਕਿ ਉਹ ਭਾਰਤ ’ਚ ਟਮਾਟਰ ਦਾ ਐਕਸਪੋਰਟ ਕਰਨ ਲਈ ਤਿਆਰ ਹੈ। ਸਿਰਫ ਇਸ ਲਈ ਇੰਡੀਆ ਨੂੰ ਮਾਰਕੀਟ ਤੱਕ ਸੌਖਾਲੀ ਪਹੁੰਚ ਬਣਾਉਣ ’ਚ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਦੀ ਮੰਨੀਏ ਤਾਂ ਇਕ ਹਫਤਾ ਪਹਿਲਾਂ ਤੋਂ ਹੀ ਨੇਪਾਲ ਭਾਰਤ ’ਚ ਟਮਾਟਰ ਵੇਚ ਰਿਹਾ ਹੈ ਪਰ ਇਹ ਐਕਸਪੋਰਟ ਛੋਟੇ ਪੱਧਰ ’ਤੇ ਹੋ ਰਿਹਾ ਹੈ। ਹੁਣ ਵੱਡੇ ਪੱਧਰ ’ਤੇ ਨੇਪਾਲ ਤੋਂ ਭਾਰਤ ’ਚ ਟਮਾਟਰ ਆਵੇਗਾ।

ਭਾਰਤ ’ਚ ਮੀਂਹ ਕਾਰਨ ਟਮਾਟਰ ਦੀ ਫਸਲ ਬਰਬਾਦ ਹੋ ਗਈ ਹੈ। ਇਸ ਨਾਲ ਟਮਾਟਰ ਬਹੁਤ ਮਹਿੰਗਾ ਹੋ ਗਿਆ ਹੈ। 20 ਤੋਂ 30 ਰੁਪਏ ਪ੍ਰਤੀ ਕਿਲੋ ਮਿਲਣ ਵਾਲਾ ਟਮਾਟਰ 120 ਤੋਂ 160 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਸਪਲਾਈ ’ਚ ਕਮੀ ਆਉਣ ਕਾਰਨ ਟਮਾਟਰ ਦੀ ਆਮਦ ’ਚ ਕਮੀ ਆਈ ਹੈ। ਅਜਿਹੇ ’ਚ ਨੇਪਾਲ ਤੋਂ ਟਮਾਟਰ ਦਾ ਇੰਪੋਰਟ ਹੋਣ ’ਤੇ ਕੀਮਤਾਂ ’ਚ ਸੁਧਾਰ ਆ ਸਕਦਾ ਹੈ ਕਿਉਂਕਿ ਭਾਰਤ ਵਾਂਗ ਨੇਪਾਲ ’ਚ ਵੀ ਕਿਸਾਨ ਵੱਡੇ ਪੱਧਰ ’ਤੇ ਟਮਾਟਰ ਦੀ ਖੇਤੀ ਕਰਦੇ ਹਨ। ਇੱਥੋਂ ਦੇ ਕਾਠਮਾਂਡੂ, ਲਲਿਤਪੁਰ ਅਤੇ ਭਗਤਪੁਰ ਜ਼ਿਲੇ ’ਚ ਟਮਾਟਰ ਦਾ ਬੰਪਰ ਉਤਪਾਦਨ ਹੁੰਦਾ ਹੈ। ਖਾਸ ਗੱਲ ਇਹ ਹੈ ਕਿ ਭਾਰਤ ’ਚ ਜੂਨ ਦੇ ਆਖਰੀ ਹਫਤੇ ਤੋਂ ਟਮਾਟਰ ਮਹਿੰਗਾ ਹੈ ਜਦ ਕਿ ਨੇਪਾਲ ’ਚ ਡੇਢ ਮਹੀਨਾ ਪਹਿਲਾਂ ਪਹਿਲਾਂ ਕੀਮਤ ਘੱਟ ਹੋਣ ਕਾਰਨ ਕਿਸਾਨਾਂ ਨੇ ਟਮਾਟਰ ਸੜਕਾਂ ’ਤੇ ਸੁੱਟ ਦਿੱਤੇ ਸਨ। ਉਸ ਸਮੇਂ ਨੇਪਾਲ ’ਚ ਹੋਲਸੇਲ ਮਾਰਕੀਟ ’ਚ ਟਮਾਟਰ 10 ਰੁਪਏ ਪ੍ਰਤੀ ਕਿਲੋ ਤੋਂ ਵੀ ਸਸਤਾ ਹੋ ਗਿਆ ਸੀ।

ਨੇਪਾਲ ਨੇ ਬਦਲੇ ’ਚ ਚੌਲ, ਝੋਨਾ ਅਤੇ ਖੰਡ ਭੇਜਣ ਦੀ ਕੀਤੀ ਅਪੀਲ
ਖਾਸ ਗੱਲ ਇਹ ਹੈ ਕਿ ਖੇਤੀਬਾੜੀ ਮੰਤਰਾਲਾ ਦੇ ਬੁਲਾਰੇ ਸ਼ਿਵਕੋਟੀ ਨੇ ਸਿਰਫ ਟਮਾਟਰ ਹੀ ਨਹੀਂ ਸਗੋਂ ਮਟਰ ਅਤੇ ਹਰੀ ਮਿਰਚ ਦਾ ਐਕਸਪੋਰਟ ਕਰਨ ਦੀ ਵੀ ਗੱਲ ਕਹੀ ਹੈ ਪਰ ਟਮਾਟਰ ਐਕਸਪੋਰਟ ਕਰਨ ਦੇ ਬਦਲੇ ਨੇਪਾਲ ਨੇ ਭਾਰਤ ਨੂੰ ਵੀ ਚੌਲ ਅਤੇ ਖੰਡ ਭੇਜਣ ਦੀ ਮੰਗ ਕੀਤੀ ਹੈ। ਦਰਅਸਲ ਭਾਰਤ ਸਰਕਾਰ ਨੇ ਹਾਲ ਹੀ ’ਚ ਗੈਰ-ਬਾਸਮਤੀ ਚੌਲਾਂ ਦੇ ਐਕਸਪੋਰਟ ’ਤੇ ਪਾਬੰਦੀ ਲਾ ਦਿੱਤੀ ਹੈ, ਜਿਸ ਨਾਲ ਨੇਪਾਲ ’ਚ ਚੌਲਾਂ ਦੀਆਂ ਕੀਮਤਾਂ ਕਾਫੀ ਵਧ ਗਈਆਂ। ਅਜਿਹੇ ’ਚ ਨੇਪਾਲ ਨੇ ਭਾਰਤ ਤੋਂ 1 ਲੱਖ ਟਨ ਚੌਲ, 10 ਲੱਖ ਟਨ ਝੋਨਾ ਅਤੇ 50 ਹਜ਼ਾਰ ਟਨ ਖੰਡ ਭੇਜਣ ਦੀ ਅਪੀਲ ਕੀਤੀ ਹੈ।

ਅਰਹਰ ਦੀ ਦਾਲ ’ਤੇ ਲੱਗੀ ਇੰਪੋਰਟ ਡਿਊਟੀ ਹਟਾਈ
ਟਮਾਟਰ ਵਾਂਗ ਅਰਹਰ ਦੀ ਦਾਲ ਵੀ ਕਾਫੀ ਮਹਿੰਗੀ ਹੋ ਗਈ ਹੈ। ਦਿੱਲੀ ਸਮੇਤ ਕਈ ਸੂਬਿਆਂ ’ਚ ਅਰਹਰ ਦਾਲ 140 ਤੋਂ 160 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ। ਅਜਿਹੇ ’ਚ ਵਧਦੀ ਮੰਗ ਨੂੰ ਪੂਰਾ ਕਰਨ ਲਈ ਸਰਕਾਰ ਟਮਾਟਰ ਵਾਂਗ ਦਾਲ ਦਾ ਵੀ ਇੰਪੋਰਟ ਕਰੇਗੀ। ਇਸ ਲਈ ਭਾਰਤ ਸਰਕਾਰ ਅਫਰੀਕਨ ਦੇਸ਼ ਮੋਜ਼ਾਮਬੀਕ ਨਾਲ ਗੱਲਬਾਤ ਕਰ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਦਾਲ ਦੇ ਇੰਪੋਰਟ ਨੂੰ ਲੈ ਕੇ ਡੀਲ ਪੱਕੀ ਹੋ ਗਈ ਹੈ। ਮੋਜ਼ਾਮਬੀਕ 31 ਮਾਰਚ 2024 ਤੱਕ ਭਾਰਤ ’ਚ ਬਿਨਾਂ ਕਿਸੇ ਸ਼ਰਤ ਅਤੇ ਪਾਬੰਦੀ ਦੇ ਅਰਹਰ ਅਤੇ ਮਾਂਹ ਦੀ ਦਾ ਦਾ ਇੰਪੋਰਟ ਕਰੇਗਾ। ਖਾਸ ਗੱਲ ਇਹ ਹੈ ਕਿ ਦਾਲਾਂ ਦੇ ਇੰਪੋਰਟ ਨੂੰ ਲੈ ਕੇ ਭਾਰਤ ਅਤੇ ਮੋਜ਼ਾਮਬੀਕ ਨੇ ਦੋ ਪੱਖੀ ਐੱਮ. ਓ. ਯੂ. ’ਤੇ ਹਸਤਾਖਰ ਵੀ ਕੀਤੇ ਹਨ। ਉੱਥੇ ਹੀ ਦਾਲ ਦੀਆਂ ਕੀਮਤਾਂ ਨੂੰ ਘੱਟ ਕਰਨ ਲਈ ਸਰਕਾਰ ਨੇ 3 ਮਾਰਚ ਤੋਂ ਅਰਹਰ ਦੀ ਦਾਲ ’ਤੇ ਲੱਗੀ 10 ਫੀਸਦੀ ਦੀ ਇੰਪੋਰਟ ਡਿਊਟੀ ਹਟਾ ਦਿੱਤੀ ਹੈ।

Leave a Reply

Your email address will not be published. Required fields are marked *