ਪਹਾੜਾਂ ’ਚ ਬਾਰਸ਼ ਜਾਰੀ,ਪੌਂਗ ਡੈਮ ’ਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਪਾਰ, ਜਾਣੋ ਤਾਜ਼ਾ ਹਾਲਾਤ

ਹਿਮਾਚਲ ਪ੍ਰਦੇਸ਼ ‘ਚ ਪੈ ਰਹੇ ਮੀਂਹ ਨੇ ਪੰਜਾਬ ਦੀ ਚਿੰਤਾ ਮੁੜ ਵਧਾ ਦਿੱਤੀ ਹੈ। ਪੰਜਾਬ ’ਚ ਮੁੜ ਹੜ੍ਹਾਂ ਦਾ ਖ਼ਤਰਾ ਮੰਡਰਾ ਰਿਹਾ ਹੈ। ਰੋਪੜ ਜ਼ਿਲ੍ਹੇ ’ਚ ਸਤਲੁਜ ਦੇ ਪਾਣੀ ਦਾ ਪੱਧਰ ਇੱਕ ਵਾਰ ਫਿਰ ਉੱਚਾ ਹੋ ਗਿਆ ਹੈ, ਜਦਕਿ ਹਰੀਕੇ ਹੈੱਡ ਤੋਂ ਲਹਿੰਦੇ ਪਾਸੇ ਵੱਲ ਟੁੱਟੇ ਹੋਏ ਧੁੱਸੀ ਬੰਨ੍ਹ ਕਾਰਨ ਕਈ ਪਿੰਡ ਪਹਿਲਾਂ ਹੀ ਪਾਣੀ ’ਚ ਘਿਰੇ ਹੋਏ ਹਨ। ਹਰੀਕੇ ਹੈੱਡ ਤੋਂ ਵੀ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲਾਂ ਭਾਖੜਾ ਦੇ ਪਾਣੀ ਦਾ ਪੱਧਰ ਖ਼ਤਰੇ ਤੋਂ 8 ਫੁੱਟ ਤੱਕ ਘੱਟ ਗਿਆ ਸੀ ਪਰ ਹੁਣ ਇਹ ਮੁੜ 1680 ਫੁੱਟ ਦੇ ਖ਼ਤਰੇ ਦੇ ਨਿਸ਼ਾਨ ‘ਤੇ ਪਹੁੰਚ ਗਿਆ ਹੈ, ਜਿਸ ਤੋਂ ਬਾਅਦ ਭਾਖੜਾ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ। ਭਾਖੜਾ ’ਚ ਅੱਜ ਪਾਣੀ ਦਾ ਪੱਧਰ 1673 ਫੁੱਟ ਕਰੀਬ ਹੈ। ਭਾਖੜਾ ਡੈਮ ਦੇ ਫਲੱਡ ਗੇਟਾਂ ਨੂੰ 4 ਫੁੱਟ ਤੱਕ ਖੁੱਲ੍ਹਾ ਰੱਖਿਆ ਗਿਆ ਹੈ, ਜਿਸ ਤੋਂ ਬਾਅਦ ਭਾਖੜਾ ਡੈਮ ਵਿੱਚ ਪਾਣੀ ਦੀ ਆਮਦ 52810 ਕਿਊਸਿਕ ਦਰਜ ਕੀਤੀ ਗਈ ਹੈ। ਭਾਖੜਾ ਡੈਮ ਤੋਂ ਟਰਬਾਈਨਾਂ ਰਾਹੀਂ 41143 ਕਿਊਸਿਕ ਅਤੇ ਫਲੱਡ ਗੇਟਾਂ ਰਾਹੀਂ 15358 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।

ਪੌਂਗ ਡੈਮ ’ਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਪਾਰ
ਹਿਮਾਚਲ ਤੋਂ ਪੌਂਗ ਡੈਮ ਝੀਲ ’ਚ ਪਾਣੀ ਦੀ ਆਮਦ ਵਧਣ ਨਾਲ ਝੀਲ ’ਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਪਾਰ ਹੋ ਗਿਆ ਹੈ ਪਰ ਸਥਿਤੀ ਕਾਬੂ ਹੇਠ ਹੈ। ਬੀ. ਬੀ. ਐੱਮ. ਬੀ. ਪ੍ਰਸ਼ਾਸਨ ਵੱਲੋਂ ਡੈਮ ’ਚ ਪਾਣੀ ਦੀ ਸਥਿਤੀ ਨੂੰ ਕੰਟਰੋਲ ’ਚ ਰੱਖਣ ਲਈ ਪਾਣੀ ਛੱਡਣ ਦੀ ਪ੍ਰਕਿਰਿਆ ਨੂੰ ਜਾਰੀ ਰਖਿਆ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੌਂਗ ਡੈਮ ਤੋਂ ਬੀਤੇ ਦਿਨ ਸਪਿਲਵੇ ਰਾਹੀਂ 52300 ਅਤੇ ਪਾਵਰ ਹਾਊਸ ਰਾਹੀਂ 17172 ਕੁੱਲ 69438 ਕਿਊਸਿਕ ਪਾਣੀ ਸ਼ਾਹ ਨਹਿਰ ਬੈਰਾਜ ’ਚ ਛੱਡਿਆ ਗਿਆ। ਬੀਤੀ ਸ਼ਾਮ 7 ਵਜੇ ਪੌਂਗ ਡੈਮ ਝੀਲ ’ਚ ਪਾਣੀ ਦੀ ਆਮਦ 92069 ਕਿਊਸਿਕ ਨੋਟ ਕੀਤੀ ਗਈ ਅਤੇ ਪੌਂਗ ਡੈਮ ਝੀਲ ਦਾ ਪੱਧਰ 1391.96 ਫੁੱਟ ਨੋਟ ਕੀਤਾ ਗਿਆ, ਜੋ ਖ਼ਤਰੇ ਦੇ ਨਿਸ਼ਾਨ ਤੋਂ 1.96 ਫੁੱਟ ਜ਼ਿਆਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਹ ਨਹਿਰ ਬੈਰਾਜ ’ਚੋਂ 57772 ਕਿਊਸਿਕ ਪਾਣੀ ਬਿਆਸ ਦਰਿਆ ’ਚ ਅਤੇ 11500 ਕਿਊਸਿਕ ਪਾਣੀ ਮੁਕੇਰੀਆਂ ਹਾਈਡਲ ਨਹਿਰ ’ਚ ਛੱਡਿਆ ਜਾ ਰਿਹਾ ਹੈ। ਨੰਗਲ ਡੈਮ ਤੋਂ ਨੰਗਲ ਹਾਈਡਲ ਨਹਿਰ ’ਚ 12350 ਕਿਊਸਿਕ, ਆਨੰਦਪੁਰ ਸਾਹਿਬ ਹਾਈਡਲ ਨਹਿਰ ’ਚ 10150 ਕਿਊਸਿਕ ਅਤੇ ਸਤਲੁਜ ਦਰਿਆ ’ਚ 35900 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਜਦੋਂ ਕਿ ਨੰਗਲ ਡੈਮ ਤੋਂ 58400 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।

ਹਰੀਕੇ ਹੈੱਡ ਤੋਂ ਸਰਹੱਦੀ ਪਿੰਡਾਂ ਲਈ ਵਧਿਆ ਖ਼ਤਰਾ
ਤਰਨਤਾਰਨ ਦੇ ਹਰੀਕੇ ਹੈੱਡ ਤੋਂ ਵੀ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ। ਹਰੀਕੇ ਹੈੱਡ ‘ਤੇ ਕਰੀਬ 1.49 ਲੱਖ ਕਿਊਸਿਕ ਪਾਣੀ ਡਾਊਨ ਸਟ੍ਰੀਮ ‘ਤੇ ਛੱਡਿਆ ਜਾ ਰਿਹਾ ਹੈ, ਜਿਸ ਨਾਲ ਫ਼ਿਰੋਜ਼ਪੁਰ ਦੇ ਸਰਹੱਦੀ ਪਿੰਡਾਂ ਲਈ ਖ਼ਤਰਾ ਬਣਿਆ ਹੋਇਆ ਹੈ। ਕਈ ਪਿੰਡਾਂ ’ਚ ਰਾਹਤ ਸਮੱਗਰੀ ਪਹੁੰਚਾਉਣਾ ਵੀ ਵੱਡੀ ਸਮੱਸਿਆ ਬਣੀ ਹੋਈ ਹੈ। ਇੰਨਾ ਹੀ ਨਹੀਂ ਪਸ਼ੂਆਂ ਲਈ ਚਾਰਾ ਵੀ ਖ਼ਤਮ ਹੋ ਗਿਆ ਹੈ। ਤਰਨਤਾਰਨ ਦੇ ਪਿੰਡ ਮੁਠਿਆਂਵਾਲੀ ਨੂੰ ਚਾਰੋਂ ਪਾਸਿਓਂ ਪਾਣੀ ਨੇ ਘੇਰ ਲਿਆ ਹੈ। ਲੋਕ ਪੰਜਾਬ ਸਰਕਾਰ ਤੋਂ ਵੀ ਮਦਦ ਦੀ ਅਪੀਲ ਕਰ ਰਹੇ ਹਨ। ਇਸ ਤੋਂ ਇਲਾਵਾ ਕੁੱਤੀਵਾਲਾ, ਵਸਤੀ ਲਾਲ, ਸਭਰਾ, ਘੜ੍ਹੰਮ, ਗੱਟੀ ਹਰੀਕੇ ਆਦਿ ਪਿੰਡਾਂ ਵਿੱਚ ਪਾਣੀ ਦਾਖ਼ਲ ਹੋ ਗਿਆ ਹੈ।

ਧੁੱਸੀ ਬੰਨ੍ਹ ਨੂੰ ਭਰਨ ਦਾ ਕੰਮ ਚੱਲ ਰਿਹਾ ਹੈ
ਤਰਨਤਾਰਨ ਦੇ ਘੜ੍ਹੰਮ ਵਿਖੇ ਧੁੱਸੀ ਬੰਨ੍ਹ ਦੇ ਪਾੜ ਨੂੰ ਭਰਨ ਦਾ ਕੰਮ ਜਾਰੀ ਹੈ। ਪਿਛਲੇ 4 ਦਿਨਾਂ ਵਿੱਚ ਪਾੜ ਦਾ 50 ਫ਼ੀਸਦੀ ਤੋਂ ਵਧੇਰੇ ਕੰਮ ਪੂਰਾ ਹੋ ਚੁੱਕਾ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਪਾੜ ਪੂਰੀ ਤਰ੍ਹਾਂ ਭਰ ਜਾਵੇਗਾ। ਸਥਾਨਕ ਪ੍ਰਸ਼ਾਸਨ ਦੀ ਮਦਦ ਨਾਲ ਲੋਕ ਮਿੱਟੀ ਦੀਆਂ ਟਰਾਲੀਆਂ ਲੈ ਕੇ ਲਗਾਤਾਰ ਪਹੁੰਚ ਰਹੇ ਹਨ।

ਹਿਮਾਚਲ ‘ਚ ਯੈਲੋ ਅਲਰਟ
ਉਧਰ ਹਿਮਾਚਲ ਵਿੱਚ ਸਥਾਨਕ ਮੌਸਮ ਵਿਭਾਗ ਨੇ 25 ਅਗਸਤ ਨੂੰ ਸੂਬੇ ਵਿੱਚ ਮੋਹਲੇਧਾਰ ਮੀਂਹ ਲਈ ‘ਯੈਲੋ ਅਲਰਟ’ ਜਾਰੀ ਕੀਤਾ ਹੈ। ਦਫ਼ਤਰ ਨੇ 30 ਅਗਸਤ ਤੱਕ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਭਾਰਤ ਮੌਸਮ ਵਿਭਾਗ (IMD) ਮੌਸਮ ਦੀਆਂ ਚੇਤਾਵਨੀਆਂ ਲਈ 4 ‘ਕਲਰ ਕੋਡ’ ਦੀ ਵਰਤੋਂ ਕਰਦਾ ਹੈ, ਜਿਸ ਵਿੱਚ ‘ਹਰਾ’ (ਕੋਈ ਕਾਰਵਾਈ ਦੀ ਲੋੜ ਨਹੀਂ), ‘ਪੀਲਾ’ (ਨਜ਼ਰ ਰੱਖੋ ਅਤੇ ਤਿਆਰ ਰਹੋ), ‘ਸੰਤਰੀ’ (ਤਿਆਰ ਰਹੋ) ਅਤੇ ‘ਲਾਲ’ (ਕਾਰਵਾਈ ਕਰੋ) ਸ਼ਾਮਲ ਹਨ। ਸਥਿਤੀ ਦੇ ਮੁਤਾਬਕ ਇਨ੍ਹਾਂ ਰੰਗਾਂ ਦੇ ਅਲਰਟ ਜਾਰੀ ਕੀਤੇ ਜਾਂਦੇ ਹਨ। ਇਹ ਅਲਰਟ ‘ਗ੍ਰੀਨ ਅਲਰਟ’, ‘ਯੈਲੋ ਅਲਰਟ’, ‘ਓਰੇਂਜ ਅਲਰਟ’ ਅਤੇ ‘ਰੈੱਡ ਅਲਰਟ’ ਹੁੰਦੇ ਹਨ।

Leave a Reply

Your email address will not be published. Required fields are marked *