ਪਾਕਿਸਤਾਨ ’ਚ ਮਹਿੰਗਾਈ ਨੇ ਦਿੱਤਾ ਜ਼ੋਰ ਦਾ ਝਟਕਾ, ਪੈਟਰੋਲ 300 ਤੋਂ ਪਾਰ

ਮਹਿੰਗਾਈ ਦੀ ਮਾਰ ਝੱਲ ਰਹੇ ਪਾਕਿਸਤਾਨ ਦੇ ਲੋਕ ਇਕ ਵਾਰ ਫਿਰ ਸਿਰ ਫੜਨ ਲਈ ਮਜਬੂਰ ਹਨ। ਪਾਕਿਸਤਾਨ ਦੀ ਨਿਗਰਾਨ ਸਰਕਾਰ ਨੇ ਪੈਟਰੋਲ ਦੀ ਕੀਮਤ ਵਿਚ 14.91 ਰੁਪਏ ਪ੍ਰਤੀ ਲਿਟਰ ਅਤੇ ਹਾਈ ਸਪੀਡ ਡੀਜ਼ਲ (ਐੱਚ. ਐੱਸ. ਡੀ.) ਦੀ ਕੀਮਤ ਵਿਚ 18.44 ਰੁਪਏ ਪ੍ਰਤੀ ਲਿਟਰ ਦਾ ਵਾਧਾ ਕੀਤਾ ਹੈ। ਪਾਕਿਸਤਾਨ ਦੇ ਵਿੱਤ ਮੰਤਰਾਲਾ ਨੇ ਅੱਧੀ ਰਾਤ ਤੋਂ ਬਾਅਦ ਸੋਸ਼ਲ ਮੀਡੀਆ ਐਕਸ (ਪਹਿਲਾਂ ਟਵਿੱਟਰ) ’ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਕਿਹਾ ਕਿ ਪੈਟਰੋਲ ਦੀ ਕੀਮਤ ਹੁਣ 305.36 ਰੁਪਏ ਪ੍ਰਤੀ ਲਿਟਰ ਅਤੇ ਐੱਚ. ਐੱਸ. ਡੀ. 311.84 ਪ੍ਰਤੀ ਲਿਟਰ ਹੋ ਗਈ ਹੈ। ਮਿੱਟੀ ਦੇ ਤੇਲ ਜਾਂ ਹਲਕੇ ਡੀਜ਼ਲ ਤੇਲ ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ’ਚ ਪਹਿਲੀ ਵਾਰ ਪੈਟਰੋਲ ਅਤੇ ਡੀਜ਼ਲ ਦੀ ਕੀਮਤ 300 ਰੁਪਏ ਨੂੰ ਟੱਪ ਗਈ ਹੈ।

ਪਾਕਿਸਤਾਨੀ ਰੁਪਏ ’ਚ ਵੀ ਲਗਾਤਾਰ ਹੋ ਰਹੀ ਗਿਰਾਵਟ
ਇਸ ਤੋਂ ਪਹਿਲਾਂ 15 ਅਗਸਤ ਨੂੰ ਵੀ ਇਨ੍ਹਾਂ ਦੀਆਂ ਕੀਮਤਾਂ ਵਿਚ 20 ਰੁਪਏ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਇਕ ਵਾਰ ਫਿਰ ਕੀਮਤਾਂ ਵਿਚ ਵਾਧਾ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਇੰਟਰਬੈਂਕ ਬਾਜ਼ਾਰ ’ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ’ਚ 1.09 ਰੁਪਏ ਦੀ ਗਿਰਾਵਟ ਜਾਰੀ ਰਹੀ। ਵਰਤਮਾਨ ਵਿਚ ਇਕ ਡਾਲਰ 306 ਪਾਕਿਸਤਾਨੀ ਰੁਪਏ ਦੇ ਬਰਾਬਰ ਹੈ। ਨਿਗਰਾਨ ਵਿਵਸਥਾ ਲਾਗੂ ਹੋਣ ਤੋਂ ਬਾਅਦ ਰੁਪਏ ’ਚ 4.6 ਫੀਸਦੀ ਦੀ ਗਿਰਾਵਟ ਆਈ ਹੈ। ਅਗਸਤ ਤੱਕ ਰੁਪਏ ’ਚ 6.2 ਫੀਸਦੀ ਦੀ ਗਿਰਾਵਟ ਆਈ ਹੈ।

ਇਸ ਦੌਰਾਨ, ਸਥਾਨਕ ਅਖਬਾਰ ਡਾਨ ਨੇ ਹਾਲ ਹੀ ਵਿਚ ਰਿਪੋਰਟ ਦਿੱਤੀ ਹੈ ਕਿ 17 ਅਗਸਤ ਤੱਕ ਪਾਕਿਸਤਾਨ ਦੀ ਮਹਿੰਗਾਈ ਸਾਲ ਦਰ ਸਾਲ ਦੇ ਆਧਾਰ ’ਤੇ 27.57 ਫੀਸਦੀ ਵਧੀ ਹੈ, ਜਿਸ ਦਾ ਮੁੱਖ ਕਾਰਨ ਪੈਟਰੋਲੀਅਮ ਦੀਆਂ ਕੀਮਤਾਂ ਵਿਚ ਹੋਇਆ ਵਾਧਾ ਹੈ।

Leave a Reply

Your email address will not be published. Required fields are marked *