ਪੌਂਗ ਡੈਮ ਤੋਂ ਮੁੜ ਛੱਡਿਆ ਪਾਣੀ, ਝੀਲ ’ਚ ਪਾਣੀ ਖਤਰੇ ਦੇ ਨਿਸ਼ਾਨ ਤੋਂ 7 ਫੁੱਟ ਵੱਧ

-ਬਿਆਸ ਦਰਿਆ ਕੰਢੇ ਵੱਸੇ ਲੋਕਾਂ ’ਚ ਡਰ ਦਾ ਮਾਹੌਲ

ਹਿਮਾਚਲ ਵਿਖੇ ਲਗਾਤਾਰ ਹੋ ਰਹੀ ਭਾਰੀ ਮੀਂਹ ਕਾਰਨ ਪੌਂਗ ਡੈਮ ਝੀਲ ’ਚ ਪਾਣੀ ਦਾ ਪੱਧਰ ਬੜੀ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਝੀਲ ’ਚ ਪਾਣੀ ਖਤਰੇ ਦੇ ਨਿਸ਼ਾਨ ਤੋਂ 7 ਫੁੱਟ ਉੱਤੇ ਚਲੇ ਜਾਣ ਨਾਲ ਬੀ. ਬੀ. ਐੱਮ. ਬੀ. ਪ੍ਰਸ਼ਾਸਨ ਵੱਲੋਂ ਪੌਂਗ ਡੈਮ ਤੋਂ ਪਾਣੀ ਛੱਡੇ ਜਾਣ ਦੀ ਪ੍ਰਕ੍ਰਿਆ ਫਿਰ ਤੋਂ ਸ਼ੁਰੂ ਕਰ ਦਿੱਤੀ ਹੈ। ਜਿਸ ਕਾਰਨ ਬਿਆਸ ਦਰਿਆ ਕਿਨਾਰੇ ਪੰਜਾਬ ਅਤੇ ਹਿਮਾਚਲ ਦੇ ਵਸੇ ਪਿੰਡਾਂ ਦੇ ਲੋਕਾਂ ’ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਿਮਾਚਲ ਦੇ ਬਲਾਕ ਇੰਦੌਰਾ ਦਾ ਇਹ ਉਪਜਾਊ ਇਲਾਕਾ ਹੋਣ ਕਰ ਕੇ ਇੱਥੇ ਸੈਂਕੜੇ ਏਕੜ ਜ਼ਮੀਨ ’ਚ ਝੋਨਾ, ਮੱਕੀ ਅਤੇ ਗੰਨੇ ਦੀ ਫਸਲ ਦਾ ਪਹਿਲਾਂ ਹੀ ਭਾਰੀ ਨੁਕਸਾਨ ਹੋ ਚੁੱਕਾ ਹੈ। ਕਿਸਾਨ ਹਾਲੇ ਆਪਣੇ ਹੋਏ ਨੁਕਸਾਨ ਦਾ ਅੰਦਾਜ਼ਾ ਵੀ ਨਹੀਂ ਲਗਾ ਸਕੇ ਸੀ ਕਿ ਡੈਮ ਨੇ ਹੋਰ ਪਾਣੀ ਛੱਡ ਦਿੱਤਾ ਹੈ। ਇਲਾਕੇ ਦੇ ਲੋਕਾਂ ਦਾ ਜੀਵਨ ਇਕ ਵਾਰ ਫਿਰ ਅਸਤ-ਵਿਅਸਤ ਹੋ ਕੇ ਰਹਿ ਗਿਆ ਹੈ। ਮੰਡ ਇੰਦੌਰਾ, ਮੰਡ ਮਿਆਣੀ, ਮੰਡ ਸਨੋਰ ਅਤੇ ਮੰਡ ਘੰਡਰਾਂ ਆਦਿ ਕਈ ਘਰਾਂ ਦਾ ਸੰਪਰਕ ਤਹਿਸੀਲ ਹੈੱਡ ਕੁਆਰਟਰ ਤੋਂ ਟੁੱਟ ਚੁੱਕਿਆ ਹੈ। ਇਨ੍ਹਾਂ ਪਿੰਡਾਂ ਦੇ ਗੁੱਜਰ ਪਰਿਵਾਰ ਪਾਣੀ ’ਚ ਫਸੇ ਹੋਏ ਹਨ, ਜਿਨ੍ਹਾਂ ਨੂੰ ਹਿਮਾਚਲ ਦੀ ਐੱਨ.ਡੀ.ਆਰ.ਐੱਫ. ਦੀ ਟੀਮ, ਆਰਮੀ, ਪੁਲਸ ਅਤੇ ਸਿਵਲ ਪ੍ਰਸ਼ਾਸਨ ਕੱਢ ਰਿਹਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬੀ. ਬੀ. ਐੱਮ. ਬੀ. ਪ੍ਰਸ਼ਾਸਨ ਵੱਲੋਂ ਪਾਣੀ ਫਿਰ ਤੋਂ ਛੱਡੇ ਜਾਣ ਦੀ ਪ੍ਰਕ੍ਰਿਆ ਸ਼ੁਰੂ ਕੀਤੀ ਗਈ। ਜਿਸ ਨਾਲ ਪੌਂਗ ਡੈਮ ਤੋਂ ਸਪਿਲਵੇ ਰਾਹੀਂ 82649 ਅਤੇ ਪਾਵਰ ਹਾਊਸ ਰਾਹੀਂ 17312 ਕੁੱਲ 99961 ਕਿਊਸਿਕ ਪਾਣੀ ਸ਼ਾਹ ਨਹਿਰ ਬੈਰਾਜ ’ਚ ਛੱਡਿਆ ਗਿਆ। ਪੌਂਗ ਡੈਮ ਝੀਲ ’ਚ ਪਾਣੀ ਦੀ ਆਮਦ 3 ਲੱਖ 33 ਹਜ਼ਾਰ 465 ਕਿਊਸਿਕ ਨੋਟ ਕੀਤੀ ਗਈ ਅਤੇ ਪੌਂਗ ਡੈਮ ਝੀਲ ਦਾ ਲੈਵਲ 1397.00 ਨੋਟ ਕੀਤਾ ਗਿਆ, ਜੋ ਖਤਰੇ ਦੇ ਨਿਸ਼ਾਨ ਤੋਂ 7 ਫੁੱਟ ਜ਼ਿਆਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਹ ਨਹਿਰ ਬੈਰਾਜ ਤੋਂ 88261 ਕਿਊਸਿਕ ਪਾਣੀ ਬਿਆਸ ਦਰਿਆ ’ਚ ਅਤੇ 11500 ਕਿਊਸਿਕ ਪਾਣੀ ਮੁਕੇਰੀਆਂ ਹਾਈਡਲ ਨਹਿਰ ’ਚ ਛੱਡਿਆ ਜਾ ਰਿਹਾ ਹੈ।

Leave a Reply

Your email address will not be published. Required fields are marked *