ਪੰਜਾਬ ਤੇ ਦੇਸ਼ ਨੂੰ ਬਚਾਉਣ ਲਈ ਭਾਜਪਾ ਨੂੰ ਹਰ ਹੀਲੇ ਹਰਾਉਣਾ ਜ਼ਰੂਰੀ : ਨਵਜੋਤ ਕੌਰ ਸਿੱਧੂ

ਮੈਡਮ ਨਵਜੋਤ ਕੌਰ ਸਿੱਧੂ ਨੇ ਦੇਸ਼ ਦੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਭਾਜਪਾ ਨੂੰ ਹਰਾਉਣ ਲਈ ਇਕਮੁੱਠ ਹੋ ਜਾਣ ਕਿਉਂਕਿ ਇਸੇ ’ਚ ਪੰਜਾਬ ਅਤੇ ਦੇਸ਼ ਦਾ ਭਲਾ ਹੈ। ਉਹ ਸਥਾਨਕ ‘ਡਰੀਮਲੈਂਡ’ ਵਿਖੇ ਕਾਂਗਰਸੀ ਵਰਕਰਾਂ ਦੀ ਇਕ ਭਰਵੀਂ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ, ਜਿਸਦਾ ਆਯੋਜਨ ਹਲਕਾ ਰਾਮਪੁਰਾ ਫੂਲ ਦੇ ਨੌਜਵਾਨ ਆਗੂ ਗੁਰਤੇਜ ਸਿੰਘ ਰਾਣਾ ਫੂਲ ਵੱਲੋਂ ਕੀਤਾ ਗਿਆ, ਜੋ ਸੰਭਾਵਿਤ ਹਲਕਾ ਇੰਚਾਰਜ ਕਹੇ ਜਾ ਸਕਦੇ ਹਨ। ਮੈਡਮ ਸਿੱਧੂ ਨੇ ਕਿਹਾ ਕਿ ਆਪਣੀ ਸੰਭਾਵਿਤ ਹਾਰ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਸਦੀ ਪਾਰਟੀ ਵਾਲੇ ਇਕ ਦੇਸ਼ ਇਕ ਚੋਣ ਦਾ ਪ੍ਰਪੰਚ ਰਚ ਸਕਦੇ ਹਨ ਪਰ ਜੇਕਰ ਅਜਿਹਾ ਹੋ ਗਿਆ ਤਾਂ ਇਸਦੇ ਦੇਸ਼ ਅਤੇ ਪੰਜਾਬ ਲਈ ਬੜੇ ਖਤਰਨਾਕ ਨਤੀਜੇ ਨਿਕਲਣਗੇ। ਉਨ੍ਹਾਂ ਖਦਸ਼ਾ ਜ਼ਾਹਿਰ ਕੀਤਾ ਕਿ ਜੇਕਰ ਭਾਜਪਾ ਫਿਰ ਸੱਤਾ ’ਚ ਆ ਗਈ ਤਾਂ ਦੇਸ਼ ਅੰਦਰ ਤਾਨਾਸ਼ਾਹੀ ਰਾਜ ਕਾਇਮ ਹੋ ਜਾਵੇਗਾ ਅਤੇ ਲੋਕਤੰਤਰ ਬੀਤੀ ਗੱਲ ਬਣ ਜਾਵੇਗੀ।

ਉਨ੍ਹਾਂ ਨੇ ਪੰਜਾਬ ਦੇ ਕਿਸਾਨ ਨੂੰ ਆਤਮ ਨਿਰਭਰ ਬਣਾਉਣ ਲਈ ਅਫੀਮ ਦੀ ਖੇਤੀ ਦੀ ਵਕਾਲਤ ਵੀ ਕੀਤੀ। ਉਨ੍ਹਾਂ ਨੇ ਨਸ਼ਿਆਂ ਅਤੇ ਵਿਦੇਸ਼ ਜਾਣ ਦੇ ਰੁਝਾਨ ਨੂੰ ਵੀ ਮੰਦਭਾਗਾ ਦੱਸਿਆ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ’ਚ ਜਾ ਕੇ ਭਾਂਡੇ ਮਾਂਜਣ ਨਾਲੋਂ ਕਿਤੇ ਚੰਗਾ ਹੈ ਕਿ ਸਾਡੇ ਨੌਜਵਾਨ ਇੱਥੇ ਰਹਿਕੇ ਹੀ ਮਿਹਨਤ ਕਰਨ, ਕਿਉਂਕਿ ਪੰਜਾਬ ਤੋਂ ਬਿਹਤਰ ਹੋਰ ਕੋਈ ਥਾਂ ਨਹੀਂ ਹੈ। ਇਕ ਸਵਾਲ ਦੇ ਜਵਾਬ ’ਚ ਮੈਡਮ ਸਿੱਧੂ ਨੇ ਇਹ ਵੀ ਕਿਹਾ ਕਿ ਭਾਵੇਂ ਗਾਂਧੀ ਪਰਿਵਾਰ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਦੇਸ਼ ਪੱਧਰੀ ਜ਼ਿੰਮੇਵਾਰੀ ਦੇਣ ਦੀਆਂ ਪੇਸ਼ਕਸ਼ਾਂ ਹਨ ਪਰ ਉਨ੍ਹਾਂ ਦੇ ਸੁਪਨਿਆਂ ’ਚ ਪੰਜਾਬ ਹੈ ਅਤੇ ਜੇਕਰ ਕਿਤੇ ਸੇਵਾ ਕਰਨ ਦੀ ਜ਼ਿੰਮੇਵਾਰੀ ਮਿਲੀ ਤਾਂ ਉਨ੍ਹਾਂ ’ਚ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਣ ਦੀ ਸਮਰੱਥਾ ਹੈ।

Leave a Reply

Your email address will not be published. Required fields are marked *