ਪੰਜਾਬ ਸਰਕਾਰ ਦੇ ਯਤਨਾਂ ਸਦਕਾ ਪਰਾਲੀ ਨੂੰ ਅੱਗ ਲਾਉਣ ਤੋਂ ਗੁਰੇਜ ਕਰਨ ਲੱਗੇ ਕਿਸਾਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਪੰਜਾਬ ਦੇ ਕਿਸਾਨ ਹੁਣ ਝੋਨੇ ਦੀ ਪਰਾਲੀ ਨੂੰ ਸਾੜਨ ਦੀ ਥਾਂ ਖੇਤਾਂ ’ਚ ਖਾਦ ਬਣਾਉਣ ਜਾਂ ਹੋਰ ਤਰੀਕਿਆਂ ਨਾਲ ਨਿਪਟਾਰਾ ਕਰਨ ਲੱਗ ਪਏ ਹਨ, ਜਿਸ ਨਾਲ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ ਨੂੰ ਠੱਲ੍ਹ ਪਈ ਹੈ। ਵਾਤਾਵਰਣ ਸਾਫ਼ ਹੋਣ ਦੇ ਨਾਲ-ਨਾਲ ਆਮ ਜਨਤਾ ਦਾ ਵੀ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਤੋਂ ਬਚਾਅ ਹੋ ਰਿਹਾ ਹੈ। ਸੂਬੇ ’ਚ ਇਹ ਵਿਕਰਾਲ ਸਮੱਸਿਆ ਕਈ ਦਹਾਕਿਆਂ ਤੋਂ ਚੱਲੀ ਆ ਰਹੀ ਸੀ। ਕਿਸਾਨਾਂ ਕੋਲ ਕੋਈ ਬਦਲ ਨਾ ਹੋਣ ਕਾਰਨ ਉਹ ਝੋਨੇ ਦੀ ਰਹਿੰਦ-ਖੂੰਹਦ ਦਾ ਨਿਪਟਾਰਾ ਕਰਨ ਲਈ ਇਸਨੂੰ ਅੱਗ ਲਾ ਕੇ ਸਾੜ ਦਿੰਦੇ ਤੇ ਫਿਰ ਖੇਤ ਦੀ ਵਹਾਈ ਕਰ ਕੇ ਕਣਕ ਤੇ ਹੋਰ ਫਸਲਾਂ ਦੀ ਬਿਜਾਈ ਕਰਦੇ ਪਰ ਇਸ ਨਾਲ ਸੂਬੇ ’ਚ ਧੂੰਏਂ ਦਾ ਗੁਬਾਰ ਬਣ ਜਾਂਦਾ ਤੇ ਆਮ ਜਨਤਾ ਨੂੰ ਸਾਹ ਲੈਣਾ ਵੀ ਔਖਾ ਹੋ ਜਾਂਦਾ ਤੇ ਲੋਕ ਬਹੁਤ ਸਾਰੀਆਂ ਬਿਮਾਰੀਆਂ ਨਾਲ ਵੀ ਜੂਝਦੇ ਸਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਪਰਾਲੀ ਦੇ ਬਦਲਵੇਂ ਢੁਕਵੇਂ ਪ੍ਰਬੰਧਾਂ ਨੂੰ ਲੈ ਕੇ ਜੰਗੀ ਪੱਧਰ ’ਤੇ ਕੰਮ ਕੀਤਾ, ਜਿਸ ਸਦਕਾ ਪਰਾਲੀ ਨੂੰ ਅੱਗ ਲੱਗਣ ਦੇ ਮਾਮਲਿਆਂ ’ਚ ਭਾਰੀ ਗਿਰਾਵਟ ਆਈ। ਸਰਕਾਰ ਵੱਲੋਂ ਕਿਸਾਨਾਂ ਨੂੰ ਇਸੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਦੇ ਨਾਲ-ਨਾਲ ਇਸਦੇ ਸਥਾਈ ਹੱਲ ਲਈ ਖੇਤੀ ਸੰਦਾਂ ’ਤੇ ਭਾਰੀ ਸਬਸਿਡੀ ਦਿੱਤੀ, ਜਿਸ ਕਾਰਨ ਕਿਸਾਨ ਝੋਨੇ ਦੀ ਪਰਾਲੀ ਦਾ ਖੇਤਾਂ ’ਚ ਨਿਪਟਾਰਾ ਕਰਨ ਲੱਗੇ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਦੇ ਹੱਲ ਲਈ 50 ਫੀਸਦੀ, ਕਿਸਾਨ ਸਮੂਹਾਂ ਅਤੇ ਸਹਿਕਾਰੀ ਸੁਸਾਇਟੀਆਂ ਨੂੰ 80 ਫੀਸਦੀ ਤੱਕ ਸਬਸਿਡੀ ਪ੍ਰਦਾਨ ਕੀਤੀ ਗਈ। ਸਰਕਾਰ ਵੱਲੋਂ 1,17000 ਖੇਤੀ ਮਸ਼ੀਨਰੀ ਪਰਾਲੀ ਦੇ ਹੱਲ ਲਈ ਕਿਸਾਨਾਂ ਨੂੰ ਉਪਲੱਬਧ ਕਰਵਾਈ ਗਈ ਤੇ ਸਾਲ 2022-23 ’ਚ ਕਿਸਾਨਾਂ ਨੂੰ ਲਗਭਗ 24,000 ਮਸ਼ੀਨਾਂ ਰਿਆਇਤੀ ਦਰਾਂ ’ਤੇ ਦਿੱਤੀਆਂ ਗਈਆਂ।

2023-24 ’ਚ 23,000 ਤੋਂ ਵੱਧ ਮਸ਼ੀਨਰੀ ਕਿਸਾਨਾਂ ਨੂੰ ਉਪਲੱਬਧ ਕਰਵਾਉਣ ਦੀ ਯੋਜਨਾ ਹੈ। ਝੋਨੇ ਦੀ ਪਰਾਲੀ ਦੇ ਹੱਲ ਲਈ ਖੇਤੀ ਸੰਦਾਂ ’ਤੇ ਸਬਸਿਡੀ ਦੇਣ ਦੀ ਯੋਜਨਾ ਬਹੁਤ ਜ਼ਿਆਦਾ ਕਾਮਯਾਬ ਰਹੀ ਹੈ ਤੇ ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ ’ਚ ਭਾਰੀ ਗਿਰਾਵਟ ਆਉਣ ਲੱਗੀ। ਸਾਲ 2021 ’ਚ ਪਰਾਲੀ ਨੂੰ ਅੱਗ ਲਾਉਣ ਦੇ 71,159 ਮਾਮਲੇ ਸਾਹਮਣੇ ਆਏ ਪਰ ਸਾਲ 2022 ’ਚ ਇਹ ਘੱਟ ਕੇ ਸਿਰਫ 49,992 ਰਹਿ ਗਏ ਤੇ ਇਕ ਸਾਲ ’ਚ ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ ’ਚ 30 ਫੀਸਦੀ ਦੇ ਲਗਭਗ ਦੀ ਗਿਰਾਵਟ ਆਈ। ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਪਰਾਲੀ ਦੀ ਸੁਚੱਜੀ ਮੈਨੇਜਮੈਂਟ ਲਈ ਇਸ ਤੋਂ ਬਾਇਓ ਉਤਪਾਦ ਬਣਾਉਣ ’ਤੇ ਵੀ ਜ਼ੋਰ ਦਿੱਤਾ ਗਿਆ, ਜਿਸ ਨਾਲ ਕਿਸਾਨ ਲਈ ਆਮਦਨ ਦਾ ਹੋਰ ਸਾਧਨ ਵਿਕਸਿਤ ਹੋਣ ਲੱਗਿਆ ਤੇ ਸੂਬੇ ’ਚ ਇਸ ਨਾਲ ਸੰਬੰਧਤ ਵੱਡੇ-ਵੱਡੇ ਪਲਾਂਟ ਲੱਗਣ ਲੱਗੇ ਤੇ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋਏ। ਪੰਜਾਬ ਸਰਕਾਰ ਦੀ ਸੂਝ-ਬੂਝ ਨਾਲ ਪਰਾਲੀ ਨੂੰ ਅੱਗ ਲੱਗਣ ਦੇ ਮਾਮਲਿਆਂ ’ਚ ਭਾਰੀ ਗਿਰਾਵਟ ਆਉਣ ਦੇ ਨਾਲ-ਨਾਲ ਕਿਸਾਨਾਂ ਕੋਲ ਆਮਦਨ ਦਾ ਇਕ ਵਸੀਲਾ ਵੀ ਵਿਕਸਿਤ ਹੋਣ ਲੱਗ ਪਿਆ। ਪਰਾਲੀ ਨੂੰ ਅੱਗ ਲੱਗਣ ਦੇ ਮਾਮਲਿਆਂ ’ਚ ਕਮੀ ਆਉਣ ਕਾਰਨ ਸੂਬੇ ਦੇ ਲੋਕ ਵੀ ਪੰਜਾਬ ਸਰਕਾਰ ਦੀ ਖੂਬ ਵਾਹ-ਵਾਹ ਕਰ ਰਹੇ ਹਨ।

Leave a Reply

Your email address will not be published. Required fields are marked *