ਬਰਨਾਲਾ ਨੇੜੇ ਬਲੈਰੋ ਵੱਜੀ ਟਰੈਕਟਰ-ਟਰਾਲੀ ’ਚ , ਬੱਚੇ ਸਮੇਤ 4 ਦੀ ਮੌਤ

ਬਰਨਾਲਾ ਦੇ ਨਜ਼ਦੀਕੀ ਪਿੰਡ ਭੱਦਲਵੱਡ ’ਚ ਵਾਪਰੇ ਸੜਕ ਹਾਦਸੇ ’ਚ ਇਕ ਬੱਚੇ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਸਵੇਰੇ ਵਾਪਰੇ ਦਿਲ ਕੰਬਾਅ ਦੇਣ ਵਾਲੇ ਸੜਕ ਹਾਦਸੇ ’ਚ 4 ਵਿਅਕਤੀਆਂ ਦੀ ਮੌਤ ਹੋ ਜਾਣ ਦੀ ਦੁਖਦਾਇਕ ਖ਼ਬਰ ਮਿਲੀ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਲਾਸ਼ਾਂ ਕਾਰ ਵਿਚ ਬੁਰੀ ਤਰ੍ਹਾਂ ਫਸ ਗਈਆਂ। ਜਿਨ੍ਹਾਂ ਨੂੰ ਭਾਰੀ ਮੁਸ਼ੱਕਲ ਤੋਂ ਬਾਅਦ ਬਾਹਰ ਕੱਢਿਆ ਗਿਆ। ਇਹ ਨਕੋਦਰ ਵਿਖੇ ਇਕ ਦਰਗਾਹ ’ਤੇ ਮੱਥਾ ਟੇਕਣ ਲਈ ਜਾ ਰਹੇ ਸਨ। ਜਾਣਕਾਰੀ ਅਨੁਸਾਰ ਹਿਸਾਰ ਤੋਂ ਇਕ ਬਲੈਰੋ ਗੱਡੀ ’ਚ ਸੋਨੂੰ ਬੱਤਰਾ, ਵਿਕਾਸ, ਅੰਮ੍ਰਿਤਪਾਲ ਅਤੇ ਇਕ ਬੱਚਾ ਹਿਸਾਰ ਤੋਂ ਨਕੋਦਰ ਨੂੰ ਜਾ ਰਹੇ ਸਨ। ਜਦੋਂ ਉਹ ਬਰਨਾਲਾ ਦੇ ਪਿੰਡ ਭੱਦਲਵੱਡ ਨਜ਼ਦੀਕ ਪੁੱਜੇ ਤਾਂ ਇਕ ਇੱਟਾਂ ਨਾਲ ਭਰੀ ਟਰਾਲੀ ਨਾਲ ਗੱਡੀ ਦੀ ਟੱਕਰ ਹੋ ਗਈ।

ਟੱਕਰ ਐਨੀ ਭਿਆਨਕ ਸੀ ਕਿ ਗੱਡੀ ਚਕਨਾਚੂਰ ਹੋ ਗਈ ਅਤੇ ਬੱਚੇ ਸਮੇਤ ਉਕਤ ਚਾਰਾਂ ਵਿਅਕਤੀਆਂ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਵੀ ਮੌਕੇ ’ਤੇ ਪਹੁੰਚ ਗਈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਉਨ੍ਹਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਭੇਜ ਦਿੱਤਾ। ਥਾਣਾ ਠੁੱਲੀਵਾਲ ਦੇ ਐੱਸ. ਐੱਚ. ਓ. ਬਲਦੇਵ ਸਿੰਘ ਮਾਨ ਨੇ ਦੱਸਿਆ ਕਿ ਪੁਲਸ ਨੇ ਟਰੈਕਟਰ ਟਰਾਲੀ ਚਾਲਕ ਸੋਮਾ ਸਿੰਘ ਵਾਸੀ ਸੰਘੇੜਾ ਨੂੰ ਹਿਰਾਸਤ ’ਚ ਲੈ ਲਿਆ ਹੈ।

Leave a Reply

Your email address will not be published. Required fields are marked *