ਬਾਲਾਕੋਟ ਖੇਤਰ ’ਚ ਘੁਸਪੈਠ ਦੀ ਸਾਜ਼ਿਸ਼ ਨਾਕਾਮ, 2 ਢੇਰ

ਸਰਹੱਦੀ ਜ਼ਿਲ੍ਹੇ ਪੁੰਛ ਦੀ ਤਹਸੀਲ ਮੇਂਢਰ ਸਥਿਤ ਬਾਲਾਕੋਟ ਸੈਕਟਰ ’ਚ ਸੁਰੱਖਿਆ ਫੋਰਸਾਂ ਨੇ ਘੁਸਪੈਠ ਦੀ ਇਕ ਸਾਜ਼ਿਸ਼ ਨੂੰ ਨਾਕਾਮ ਕਰ ਕੇ 2 ਘੁਸਪੈਠੀਆਂ ਨੂੰ ਢੇਰ ਕਰ ਦਿੱਤਾ। ਉੱਥੇ ਹੀ ਘੁਸਪੈਠੀਆਂ ਤੋਂ ਹਥਿਆਰ ਤੇ ਗੋਲਾ-ਬਾਰੂਦ ਬਰਾਮਦ ਕੀਤਾ ਗਿਆ ਹੈ। ਓਧਰ, ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਲਾਰੂ ਪਰਿਗਾਮ ’ਚ ਬੀਤੀ ਰਾਤ ਸ਼ੁਰੂ ਹੋਏ ਮੁਕਾਬਲੇ ਦੌਰਾਨ ਅੱਤਵਾਦੀ ਹਨੇਰੇ ਦਾ ਫਾਇਦਾ ਉਠਾ ਕੇ ਭੱਜਣ ’ਚ ਸਫਲ ਹੋ ਗਏ। ਸਵੇਰੇ ਜਦੋਂ ਜਵਾਨਾਂ ਨੇ ਤਲਾਸ਼ੀ ਮੁਹਿੰਮ ਚਲਾਈ ਤਾਂ ਅੱਤਵਾਦੀ ਦੌੜ ਚੁੱਕੇ ਸਨ। ਜਾਣਕਾਰੀ ਅਨੁਸਾਰ ਸੁਰੱਖਿਆ ਫੋਰਸਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਾਲਾਕੋਟ ਖੇਤਰ ’ਚ ਕੰਟਰੋਲ ਰੇਖਾ ’ਤੇ ਕੁਝ ਅੱਤਵਾਦੀ ਘੁਸਪੈਠ ਦੀ ਫਿਰਾਕ ’ਚ ਹਨ। ਇਸ ਦਰਮਿਆਨ ਸੁਰੱਖਿਆ ਫੋਰਸਾਂ ਨੇ ਮੁਸਤੈਦੀ ਵਿਖਾਉਂਦੇ ਹੋਏ ਚੌਕਸੀ ਵਧਾਈ ਅਤੇ ਖੇਤਰ ’ਚ 2 ਹਥਿਆਰਬੰਦ ਸ਼ੱਕੀ ਅੱਤਵਾਦੀਆਂ ਨੂੰ ਵੇਖਿਆ, ਜਿਸ ਤੋਂ ਬਾਅਦ ਸੁਰੱਖਿਆ ਫੋਰਸਾਂ ਨੇ ਅੱਤਵਾਦੀਆਂ ਨੂੰ ਲਲਕਾਰਿਆ ਤਾਂ ਉਨ੍ਹਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਦਾ ਸੁਰੱਖਿਆ ਫੋਰਸਾਂ ਵੱਲੋਂ ਮੂੰਹਤੋੜ ਜਵਾਬ ਦਿੱਤਾ ਗਿਆ।

ਅੱਤਵਾਦੀ ਸੰਘਣੇ ਕੋਹਰੇ ਅਤੇ ਖ਼ਰਾਬ ਮੌਸਮ ਦਾ ਫਾਇਦਾ ਉਠਾ ਕੇ ਪਾਕਿਸਤਾਨੀ ਫੌਜ ਦੇ ਸਹਿਯੋਗ ਨਾਲ ਕੰਟਰੋਲ ਰੇਖਾ ਪਾਰ ਕਰਨਾ ਚਾਹੁੰਦੇ ਸਨ ਪਰ ਚੌਕਸ ਜਵਾਨਾਂ ਨੇ ਉਨ੍ਹਾਂ ਨੂੰ ਢੇਰ ਕਰ ਦਿੱਤਾ। ਸੁਰੱਖਿਆ ਫੋਰਸਾਂ ਨੇ ਚਾਨਣ ਹੁੰਦਿਆਂ ਹੀ ਖੇਤਰ ’ਚ ਤਲਾਸ਼ੀ ਮੁਹਿੰਮ ਚਲਾਈ ਅਤੇ ਘਸੁਪੈਠੀਆਂ ਕੋਲੋਂ ਇਕ ਏ. ਕੇ. 47, 2 ਮੈਗਜ਼ੀਨ, 30 ਕਾਰਤੂਸ, 2 ਹੱਥਗੋਲੇ ਅਤੇ ਪਾਕਿਸਤਾਨ ’ਚ ਬਣੀਆਂ ਦਵਾਈਆਂ ਬਰਾਮਦ ਹੋਈਆਂ।

Leave a Reply

Your email address will not be published. Required fields are marked *