ਮਿਸ਼ਨ ਲੋਕ ਸਭਾ ਚੋਣਾਂ 2024 : ਮੋਦੀ ਕੈਬਨਿਟ ਦਾ ਹਿੱਸਾ ਬਣ ਸਕਦੇ ਨੇ ਪਰਮਿੰਦਰ ਢੀਂਡਸਾ, ਮਿਲ ਸਕਦੀ ਹੈ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ!

ਆਉਣ ਵਾਲੀਆਂ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਭਾਜਪਾ ਨੇ ਦੇਸ਼ ਦੇ ਹਰ ਸੂਬੇ ’ਚ ਆਪਣੀ ਸਿਆਸੀ ਜ਼ਮੀਨ ਲੱਭਣੀ ਸ਼ੁਰੂ ਕਰ ਦਿੱਤੀ ਹੈ। ਵਿਰੋਧੀ ਪਾਰਟੀਆਂ ਦਾ ਗਠਜੋੜ ਇੰਡੀਆ ਬਣਨ ਤੋਂ ਬਾਅਦ ਭਾਜਪਾ ਨੂੰ ਕਿਤੇ ਨਾ ਕਿਤੇ ਆਪਣੀ ਸਿਆਸੀ ਜ਼ਮੀਨ ਖਿਸਕਦੀ ਨਜ਼ਰ ਆਉਣ ਲੱਗੀ ਹੈ, ਜਿਸ ਕਰ ਕੇ ਭਾਜਪਾ ਨੇ ਛੋਟੇ ਤੋਂ ਛੋਟੇ ਸੂਬੇ ਨੂੰ ਵੀ ਪੂਰੀ ਗੰਭੀਰਤਾ ਨਾਲ ਲੈਣਾ ਸ਼ੁਰੂ ਕਰ ਦਿੱਤਾ। ਇਸੇ ਅਧੀਨ ਹੀ ਪੰਜਾਬ ’ਚ ਭਾਜਪਾ ਅਕਾਲੀ ਦਲ ਗਠਜੋੜ ਟੁੱਟਣ ਤੋਂ ਬਾਅਦ ਸੂਬੇ ’ਚ ਪਾਰਟੀ ਦੀ ਮਜ਼ਬੂਤੀ ਲਈ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੇ ਬਤੌਰ ਸਿੱਖ ਚਿਹਰਾ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੇ ਮੋਢਿਆਂ ’ਤੇ ਸਿਆਸੀ ਪਾਰੀ ਖੇਡਣ ਦਾ ਮਨ ਬਣਾ ਲਿਆ ਹੈ, ਜਿਸ ਤਹਿਤ ਪਰਮਿੰਦਰ ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਮੁਹੱਈਆ ਕਰਵਾਈ ਜਾ ਸਕਦੀ ਹੈ। ਸੂਤਰਾਂ ਅਨੁਸਾਰ ਇਸ ਸਬੰਧੀ ਗ੍ਰਹਿ ਵਿਭਾਗ ਵੱਲੋਂ ਰਿਵਿਊ ਕੀਤਾ ਜਾ ਰਿਹੈ , ਜਿਸ ਸਬੰਧੀ ਸੂਬੇ ਦੇ ਸਿਆਸੀ ਹਲਕਿਆਂ ’ਚ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਅਕਾਲੀ ਦਲ (ਬਾਦਲ) ਖੇਮਾ ਵੀ ਨਿਰਾਸ਼ਾ ਦੇ ਆਲਮ ’ਚ ਦਿਖਾਈ ਦੇ ਰਿਹਾ ਹੈ। ਢੀਂਡਸਾ ਨੂੰ ਜ਼ੈੱਡ ਸੁਰੱਖਿਆ ਮੁਹੱਈਆ ਕਰਵਾਉਣ ਦੀਆਂ ਚਰਚਾਵਾਂ ਤੋਂ ਬਾਅਦ ਜਦੋਂ ਮਾਮਲੇ ’ਤੇ ਸਿਆਸੀ ਅਤੇ ਗੈਰ-ਸਿਆਸੀ ਭਰੋਸੇਯੋਗ ਸੂਤਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਭਾਜਪਾ ਵੱਲੋਂ ਲੋਕ ਸਭਾ ਚੋਣਾਂ ਦੇ ਕਾਰਣ ਪਰਮਿੰਦਰ ਸਿੰਘ ਢੀਂਡਸਾ ਨੂੰ ਜਲਦੀ ਹੀ ਮੋਦੀ ਕੈਬਨਿਟ ਦਾ ਹਿੱਸਾ ਬਣਾ ਕੇ ਕੋਈ ਵਧੀਆ ਮਹਿਕਮਾ ਦਿੱਤਾ ਜਾ ਸਕਦਾ ਹੈ।

ਕਿਉਂਕਿ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਪਰਮਿੰਦਰ ਸਿੰਘ ਢੀਂਡਸਾ ਦੀ ਸਿਆਸੀ ਕਾਬਲੀਅਤ ਦੀ ਕਾਇਲ ਹੈ। ਦੂਜੇ ਪਾਸੇ ਸੁਖਦੇਵ ਸਿੰਘ ਢੀਂਡਸਾ ਦੀ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਅਤੇ ਮੰਤਰੀਆਂ ਨਾਲ ਦਿਲੋਂ ਦੋਸਤੀ ਕਿਸੇ ਤੋਂ ਛੁਪੀ ਨਹੀਂ ਹੋਈ। ਪ੍ਰਧਾਨ ਮੰਤਰੀ ਮੋਦੀ ਸੁਖਦੇਵ ਸਿੰਘ ਢੀਂਡਸਾ ਨੂੰ ਅਕਾਲੀ ਦਲ ਬਾਦਲ ਦਾ ਅਸਲੀ ਵਾਰਸ ਕਹਿ ਚੁੱਕੇ ਹਨ, ਜਦੋਂ ਢੀਂਡਸਾ ਦੇ ਕੱਟੜ ਸਮਰਥਕਾਂ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਨਾਥਾ, ਸਾਬਕਾ ਚੇਅਰਮੈਨ ਗੁਰਦੀਪ ਸਿੰਘ ਕੋਟੜਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਕੌਰ, ਨੀਟੂ ਸ਼ਰਮਾ, ਗੁਰਲਾਲ ਸਿੰਘ, ਜਗਦੀਸ਼ ਰਾਏ ਠੇਕੇਦਾਰ, ਸਾਬਕਾ ਚੇਅਰਮੈਨ ਗੁਰਸੰਤ ਸਿੰਘ ਭੂਟਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੇ ਸਿਆਸੀ ਲਹਿਜੇ ’ਚ ਹਰ ਗੱਲ ਤੋਂ ਅਗਿਆਨਤਾ ਪ੍ਰਗਟ ਕੀਤੀ ਪਰ ਉਨ੍ਹਾਂ ਦੇ ਚਿਹਰੇ ਦੀ ਲਾਲੀ ਦੱਸ ਰਹੀ ਸੀ ਕਿ ਆਉਣ ਵਾਲੇ ਸਮੇਂ ’ਚ ਪਰਮਿੰਦਰ ਸਿੰਘ ਢੀਂਡਸਾ ਸੂਬੇ ’ਚ ਮਜ਼ਬੂਤ ਸਿਆਸੀ ਪਾਰੀ ਖੇਡਣਗੇ। ਕਹਿੰਦੇ ਨੇ ਕਿ ਸਿਆਸਤ ’ਚ ਕੁਝ ਵੀ ਅਸੰਭਵ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸਿਆਸੀ ਉੱਠ ਕਿਸ ਕਰਵਟ ਬੈਠਦਾ ਹੈ।

Leave a Reply

Your email address will not be published. Required fields are marked *