ਰਿਲਾਇੰਸ ਜੀਓ ਯੂਜ਼ਰਸ ਲਈ ਚੰਗੀ ਖ਼ਬਰ, ਸਾਰੇ ਸਰਕਲ ’ਚ 5ਜੀ ਨੈੱਟਵਰਕ ਲਗਾਏ

ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਰਿਲਾਇੰਸ ਜੀਓ ਨੇ ਸਾਰੇ ਸਰਕਲ ’ਚ 5ਜੀ ਨੈੱਟਵਰਕ ਸਥਾਪਿਤ ਕਰਨ ਦੀ ਸੂਚਨਾ ਸਰਕਾਰ ਨੂੰ ਦਿੰਦੇ ਹੋਏ ਕਿਹਾ ਕਿ ਉਹ ਨਿਰਧਾਰਤ ਮਾਪਦੰਡਾਂ ਮੁਤਾਬਕ ਇਸ ਦੇ ਪਰੀਖਣ ਲਈ ਤਿਆਰ ਹੈ। ਸੂਤਰਾਂ ਮੁਤਾਬਕ ਰਿਲਾਇੰਸ ਜੀਓ ਨੇ ਦੂਰਸੰਚਾਰ ਵਿਭਾਗ ਨੂੰ ਭੇਜੀ ਇਕ ਚਿੱਠੀ ਵਿਚ ਦੇਸ਼ ਦੇ ਸਾਰੇ ਦੂਰਸੰਚਾਰ ਸਰਕਲ ’ਚ 5ਜੀ ਸੇਵਾਵਾਂ ਲਈ ਨੈੱਟਵਰਕ ਸਥਾਪਿਤ ਕਰਨ ਦੀ ਜਾਣਕਾਰੀ ਦਿੱਤੀ ਹੈ। ਇਨ੍ਹਾਂ ’ਚੋਂ 1 ਫੀਸਦੀ ਸਥਾਨਾਂ ਨੂੰ 5ਜੀ ਸੇਵਾਵਾਂ ਦੇ ਪਰੀਖਣ ਲਈ ਚੁਣਿਆ ਜਾਏਗਾ। ਸੂਤਰਾਂ ਨੇ ਕਿਹਾ ਕਿ ਪਰੀਖਣ ਵਿਚ ਨਿਰਧਾਰਤ ਮਾਪਦੰਡਾਂ ਮੁਤਾਬਕ ਪਾਏ ਜਾਣ ’ਤੇ ਰਿਲਾਇੰਸ ਜੀਓ ਨੂੰ 5ਜੀ ਸੇਵਾਵਾਂ ਦੀ ਸ਼ੁਰੂਆਤ ਲਈ ਤਿਆਰ ਹੋਣ ਦਾ ਸਰਟੀਫਿਕੇਟ ਜਾਰੀ ਕੀਤਾ ਜਾਏਗਾ।

ਇਸ ਦਰਮਿਆਨ ਜੀਓ ਦਾ ਗੁਜਰਾਤ ਸਰਕਲ ’ਚ 26 ਗੀਗਾਹਰਟਜ਼ ਅਤੇ 3300 ਮੈਗਾਹਰਟਜ਼ ਸਪੈਕਟ੍ਰਮ ਬੈਂਡ ’ਤੇ 5ਜੀ ਸੇਵਾਵਾਂ ਦੇ ਪਰੀਖਣ ਵਿਚ ਸਫਲ ਐਲਾਨਿਆ ਗਿਆ ਹੈ। ਇਸ ਦੀ ਸੂਚਨਾ ਦੂਰਸੰਚਾਰ ਵਿਭਾਗ ਦੇ ਗੁਜਰਾਤ ਸਰਕਲ ਨੇ ਟਵਿਟਰ ’ਤੇ ਦਿੱਤੀ ਹੈ। ਦੇਸ਼ ਵਿਚ 5ਜੀ ਸੇਵਾਵਾਂ ਦੀ ਸ਼ੁਰੂਆਤ ਅਕਤੂਬਰ 2022 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਸੀ। ਰਿਲਾਇੰਸ ਜੀਓ ਸਮੇਤ ਸਾਰੀਆਂ ਦੂਰਸੰਚਾਰ ਕੰਪਨੀਆਂ 5ਜੀ ਸੇਵਾਵਾਂ ਦਾ ਨੈੱਟਵਰਕ ਸਥਾਪਿਤ ਕਰਨ ’ਚ ਜੁਟੀਆਂ ਹੋਈਆਂ ਹਨ। 5ਵੀਂ ਪੀੜ੍ਹੀ ਦੀਆਂ ਦੂਰਸੰਚਾਰ ਸੇਵਾਵਾਂ ਵਧੇਰੇ ਤੇਜ਼ ਰਫਤਾਰ ਨਾਲ ਵੀਡੀਓ ਨੂੰ ਡਾਊਨਲੋਡ ਕਰਨ ਅਤੇ ਭੀੜ ਵਾਲੇ ਇਲਾਕਿਆਂ ਵਿਚ ਲੱਖਾਂ ਫੋਨ ਨੂੰ ਸਮਰਥਨ ਦੇਣ ’ਚ ਸਮਰੱਥ ਹੋਣਗੀਆਂ।

Leave a Reply

Your email address will not be published. Required fields are marked *