ਰੂਸ ਤੋਂ ਕੱਚੇ ਤੇਲ ਦਾ ਇੰਪੋਰਟ 24 ਫੀਸਦੀ ਘਟਿਆ, 7 ਮਹੀਨਿਆਂ ’ਚ ਸਭ ਤੋਂ ਘੱਟ

ਅਗਸਤ ’ਚ ਰੂਸ ਤੋਂ ਸਸਤਾ ਤੇਲ ਖਰੀਦਣ ’ਚ ਭਾਰਤ ਦੀ ਰਫਤਾਰ ਹੌਲੀ ਹੋ ਗਈ। ਅਜਿਹਾ ਇਸ ਲਈ ਹੋਇਆ ਕਿਉਂਕਿ ਭਾਰੀ ਮਾਨਸੂਨ ਦੇ ਮੀਂਹ ਕਾਰਨ ਤੇਲ ਦੀ ਲੋੜ ਘੱਟ ਹੋ ਗਈ ਅਤੇ ਤੇਲ ਰਿਫਾਇਨਰੀਆਂ ਨੇ ਇਸ ਦੌਰਾਨ ਨਿਯਮਿਤ ਮੈਂਟੀਨੈਂਸ ਦੀ ਯੋਜਨਾ ਬਣਾਈ ਸੀ। ਭਾਰਤ ਜੋ ਗਲੋਬਲ ਪੱਧਰ ’ਤੇ ਤੇਲ ਦਾ ਤੀਜਾ ਸਭ ਤੋਂ ਵੱਡਾ ਕੰਜਿਊਮਰ ਹੈ, ਨੇ ਲਗਾਤਾਰ ਤੀਜੇ ਮਹੀਨੇ ਰੂਸ ਤੋਂ ਘੱਟ ਤੇਲ ਇੰਪੋਰਟ ਕੀਤਾ। ਉਸ ਨੇ ਅਗਸਤ ਵਿਚ ਰੋਜ਼ਾਨਾ ਲਗਭਗ 1.57 ਮਿਲੀਅਨ ਬੈਰਲ ਤੇਲ ਖਰੀਦਿਆ। ਇਹ ਪਿਛਲੇ ਮਹੀਨੇ ਦੀ ਤੁਲਨਾ ਵਿਚ 24 ਫੀਸਦੀ ਦੀ ਕਮੀ ਸੀ ਅਤੇ ਜਨਵਰੀ ਤੋਂ ਬਾਅਦ ਸਭ ਤੋਂ ਘੱਟ ਤੇਲ ਦਾ ਇੰਪੋਰਟ ਸੀ। ਇਹ ਡਾਟਾ ਕੇਪਲਰ ਨਾਂ ਦੀ ਕੰਪਨੀ ਤੋਂ ਆਇਆ ਹੈ ਜੋ ਅਜਿਹੀ ਜਾਣਕਾਰੀ ਇਕੱਠੀ ਕਰਨ ਅਤੇ ਉਸ ਦਾ ਵਿਸ਼ਲੇਸ਼ਣ ਕਰਨ ’ਚ ਮਾਹਰ ਹੈ। ਭਾਰਤੀ ਤੇਲ ਰਿਫਾਇਨਰੀਆਂ ਨੇ ਇਰਾਕ ਤੋਂ ਵੀ ਘੱਟ ਹੀ ਤੇਲ ਖਰੀਦਿਆ ਜੋ ਭਾਰਤ ਦੇ ਇਕ ਹੋਰ ਪ੍ਰਮੁੱਖ ਸਪਲਾਇਰ ਹੈ। ਅਗਸਤ ਵਿਚ ਇਰਾਕ ਤੋਂ ਭਾਰਤ ਦੀ ਦਰਾਮਦ ਪਿਛਲੇ ਮਹੀਨੇ ਦੀ ਤੁਲਨਾ ’ਚ 10 ਫੀਸਦੀ ਘਟ ਕੇ 8,48,000 ਬੈਰਲ ਰੋਜ਼ਾਨਾ ਰਹਿ ਗਈ। ਹਾਲਾਂਕਿ ਉਸ ਨੇ ਸਾਊਦੀ ਅਰਬ ਤੋਂ ਆਪਣੇ ਤੇਲ ਇੰਪੋਰਟ ’ਚ ਭਾਰੀ ਵਾਧਾ ਕਰ ਕੇ ਇਸ ਕਮੀ ਦੀ ਕੁੱਝ ਭਰਪਾਈ ਕੀਤੀ। ਸਾਊਦੀ ਅਰਬ ਤੋਂ ਇੰਪੋਰਟ ਕੀਤੇ ਤੇਲ ਦੀ ਮਾਤਰਾ ਇਕ ਹੀ ਮਹੀਨੇ ਵਿਚ 63 ਫੀਸਦੀ ਵਧ ਗਈ ਜੋ ਰੋਜ਼ਾਨਾ 8,52,000 ਬੈਰਲ ’ਤੇ ਪੁੱਜ ਗਈ।

ਪਿਛਲੇ ਸਾਲ ਤੋਂ ਭਾਰਤ ਰੂਸ ਤੋਂ ਕਾਫੀ ਜ਼ਿਆਦਾ ਤੇਲ ਦੀ ਦਰਾਮਦ ਕਰ ਰਿਹਾ ਹੈ। ਮਈ ਵਿਚ, ਭਾਰਤ ਰੋਜ਼ਾਨਾ 2.15 ਮਿਲੀਅਨ ਬੈਰਲ ਰੂਸੀ ਤੇਲ ਦੀ ਵਰਤੋਂ ਕਰ ਕੇ ਆਪਣੇ ਉੱਚ ਪੱਧਰ ’ਤੇ ਪੁੱਜ ਗਿਆ ਸੀ। ਇਹ ਵਾਧਾ ਇਸ ਲਈ ਹੋਇਆ ਕਿਉਂਕਿ ਭਾਰਤੀ ਤੇਲ ਰਿਫਾਇਨਰੀਆਂ ਰੂਸ ਵਲੋਂ ਵੇਚੇ ਜਾ ਰਹੇ ਡਿਸਕਾਊਂਟ ਵਾਲੇ ਤੇਲ ਨੂੰ ਖਰੀਦਣਾ ਚਾਹੁੰਦੀ ਸੀ। ਮੈਂਗਲੋਰ ਰਿਫਾਇਨਰੀ ਐਂਡ ਪੈਟਰੋਕੈਮੀਕਲਸ ਲਿਮਟਿਡ, ਜਿਸ ਦੀ ਯੂਨਿਟ ਦੀ ਸਮਰੱਥਾ ਰੋਜ਼ਾਨਾ 3,01,000 ਬੈਰਲ ਹੈ, ਨੇ ਦਰਾਮਦ ਦੋ-ਤਿਹਾਈ ਘੱਟ ਕਰ ਦਿੱਤੀ ਹੈ। ਉਨ੍ਹਾਂ ਦੀ ਫੈਸਿਲਿਟੀ ਰੋਜ਼ਾਨਾ 3,01,000 ਬੈਰਲ ਤੇਲ ਪ੍ਰੋਸੈੱਸ ਕਰ ਸਕਦੀ ਹੈ ਪਰ ਉਸ ਨੇ ਆਪਣੇ ਇੰਪੋਰਟ ਵਿਚ ਦੋ-ਤਿਹਾਈ ਦੀ ਕਟੌਤੀ ਕੀਤੀ ਹੈ। ਇਕ ਹੋਰ ਕੰਪਨੀ ਰਿਲਾਇੰਸ ਇੰਡਸਟ੍ਰੀਜ਼ ਆਮ ਤੌਰ ’ਤੇ ਰੋਜ਼ਾਨਾ ਲਗਭਗ 1.2 ਤੋਂ 1.3 ਮਿਲੀਅਨ ਬੈਰਲ ਤੇਲ ਖਰੀਦਦੀ ਹੈ। ਹਾਲਾਂਕਿ ਇਸ ਮਿਆਦ ਵਿਚ ਉਨ੍ਹਾਂ ਦੀ ਖਰੀਦ ਘਟ ਕੇ 1.1 ਮਿਲੀਅਨ ਬੈਰਲ ਰੋਜ਼ਾਨਾ ਰਹਿ ਗਈ। ਕੇਪਲਰ ਦੇ ਪ੍ਰਮੁੱਖ ਕਰੂਡ ਵਿਸ਼ਲੇਸ਼ਕ ਵਿਕਟਰ ਕਟੋਨਾ ਨੇ ਕਿਹਾ ਕਿ ਇਹ ਕਮੀ ਇਸ ਲਈ ਹੋਈ ਕਿਉਂਕਿ ਉਹ ਸਤੰਬਰ ਵਿਚ ਆਪਣੀ ਤੇਲ ਡਿਸਟਿਲੇਸ਼ਨ ਯੂਨਿਟ ਦਾ ਕੁੱਝ ਹਿੱਸਾ ਬੰਦ ਕਰਨ ਦੀ ਯੋਜਨਾ ਬਣਾ ਰਹੇ ਹਨ।

Leave a Reply

Your email address will not be published. Required fields are marked *