ਲੋੜ ਪੈਣ ’ਤੇ ਜੀ. ਡੀ. ਪੀ. ਦਾ 5-6 ਫੀਸਦੀ ਵੀ ਰੱਖਿਆ ’ਤੇ ਖਰਚ ਕਰਨ ਤੋਂ ਝਿਜਕਾਂਗੇ ਨਹੀਂ : ਰਾਜਨਾਥ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਰੋਸਾ ਦਿੱਤਾ ਹੈ ਕਿ ਜੇ ਦੇਸ਼ ਦੀ ਸੁਰੱਖਿਆ ਲਈ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦਾ 5 ਤੋਂ 6 ਫੀਸਦੀ ਹਿੱਸਾ ਵੀ ਰੱਖਿਆ ਖੇਤਰ ’ ਚ ਖਰਚ ਕਰਨਾ ਪਿਆ ਤਾਂ ਸਰਕਾਰ ਪਿੱਛੇ ਨਹੀਂ ਹਟੇਗੀ। ਰਾਜਨਾਥ ਸਿੰਘ ਨੇ ਅੰਤਰ-ਸੇਵਾ ਸੰਗਠਨ (ਕਮਾਂਡ, ਕੰਟਰੋਲ ਅਤੇ ਅਨੁਸ਼ਾਸਨ) ਬਿੱਲ 2023 ’ਤੇ ਚਰਚਾ ਦਾ ਜਵਾਬ ਦਿੰਦੇ ਹੋਏ ਮੰਗਲਵਾਰ ਇਹ ਗੱਲ ਕਹੀ। ਉਨ੍ਹਾਂ ਦੇ ਜਵਾਬ ਤੋਂ ਬਾਅਦ ਹਾਊਸ ਨੇ ਬਿੱਲ ਨੂੰ ਜ਼ੁਬਾਨੀ ਵੋਟ ਨਾਲ ਪਾਸ ਕਰ ਦਿੱਤਾ। ਲੋਕ ਸਭਾ ਇਸ ਨੂੰ ਪਹਿਲਾਂ ਹੀ ਪਾਸ ਕਰ ਚੁੱਕੀ ਹੈ। ਬਿੱਲ ’ਤੇ ਚਰਚਾ ਤੋਂ ਪਹਿਲਾਂ ਵਿਰੋਧੀ ਧਿਰ ਨੇ ਮਣੀਪੁਰ ਮੁੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਦੀ ਮੰਗ ਕਰਦੇ ਹੋਏ ਵਾਕ ਆਊਟ ਕੀਤਾ। ਬਿੱਲ ’ਤੇ ਚਰਚਾ ਦਾ ਜਵਾਬ ਦਿੰਦਿਆਂ ਰਾਜਨਾਥ ਨੇ ਕਿਹਾ ਕਿ ਫੌਜ ਦੇ ਥੀਏਟਰ ਕਮਾਂਡਾਂ ਬਾਰੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਉਨ੍ਹਾਂ ਕਿਹਾ ਕਿ ਜੇ ਭਵਿੱਖ ’ਚ ਕਦੇ ਥੀਏਟਰ ਕਮਾਂਡ ਬਣਦੀ ਹੈ ਤਾਂ ਉਸ ਉੱਤੇ ਵੀ ਮੌਜੂਦਾ ਬਿੱਲ ਦੀਆਂ ਵਿਵਸਥਾਵਾਂ ਇੱਕ ਨੋਟੀਫਿਕੇਸ਼ਨ ਰਾਹੀਂ ਲਾਗੂ ਹੋਣਗੀਆਂ। ਦੇਸ਼ ਦੇ ਸਮੁੰਦਰੀ ਹਿੱਤਾਂ ਦੀ ਪੂਰੀ ਤਰ੍ਹਾਂ ਰਾਖੀ ਕੀਤੀ ਜਾਂਦੀ ਹੈ। ਦੇਸ਼ ਦੀਆਂ ਫ਼ੌਜਾਂ ਹਰ ਤਰ੍ਹਾਂ ਦੀ ਜੰਗ ਲਈ ਤਿਆਰ ਹਨ। ਤਿਆਰੀ ਦੀ ਇਹ ਪ੍ਰਕਿਰਿਆ ਨਿਰੰਤਰ ਜਾਰੀ ਹੈ। ਉਨ੍ਹਾਂ ਕਿਹਾ ਕਿ ਅਸੀਂ ਭਾਰਤ ਦੀ ਸੁਰੱਖਿਆ ਅਤੇ ਸਵੈ-ਮਾਣ ਦੀ ਰੱਖਿਆ ਲਈ ਵਿੱਤੀ ਸੋਮਿਆਂ ਦੀ ਕੋਈ ਕਮੀ ਨਹੀਂ ਆਉਣ ਦੇਵਾਂਗੇ। ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦਾ ਸਿਰਫ ਤਿੰਨ ਤੋਂ ਚਾਰ ਫੀਸਦੀ ਹੀ ਨਹੀਂ, ਲੋੜ ਪੈਣ ’ਤੇ ਪੰਜ ਤੋਂ ਛੇ ਫੀਸਦੀ ਖਰਚ ਕਰਨ ਤੋਂ ਪਿੱਛੇ ਨਹੀਂ ਹਟਾਂਗੇ। ਰਾਸ਼ਟਰੀ ਸੁਰੱਖਿਆ ਰਣਨੀਤੀ ’ਤੇ ਢੁਕਵੇਂ ਪੱਧਰ ’ਤੇ ਕੰਮ ਚੱਲ ਰਿਹਾ ਹੈ।

ਭਾਰਤੀ ਸਮੁੰਦਰੀ ਫੌਜ ਦੇਸ਼ ਦੇ ਮਛੇਰਿਆਂ ਦੀ ਸੁਰੱਖਿਆ ਲਈ ਵਚਨਬੱਧ ਹੈ। ਬਿੱਲ ’ਤੇ ਚਰਚਾ ’ਚ ਹਿੱਸਾ ਲੈਂਦੇ ਹੋਏ ਬੀਜੂ ਜਨਤਾ ਦਲ ਦੇ ਸੁਜੀਤ ਕੁਮਾਰ ਨੇ ਕਿਹਾ ਕਿ ਸੁਰੱਖਿਆ ਪੱਖੋਂ ਇਹ ਬਹੁਤ ਮਹੱਤਵਪੂਰਨ ਬਿੱਲ ਹੈ, ਇਸ ਲਈ ਉਨ੍ਹਾਂ ਦੀ ਪਾਰਟੀ ਇਸ ਦਾ ਸਮਰਥਨ ਕਰਦੀ ਹੈ। ਵਾਈ.ਐਸ.ਆਰ. ਕਾਂਗਰਸ ਦੇ ਅਯੁੱਧਿਆ ਰਾਮੀ ਰੈਡੀ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਬਿੱਲ ਵੱਖ-ਵੱਖ ਕਮਾਂਡਾਂ ਵਿਚਕਾਰ ਤਾਲਮੇਲ ਦੇ ਮਾਮਲੇ ਵਿੱਚ ਮਾਰਗਦਰਸ਼ਕ ਸਾਬਤ ਹੋਵੇਗਾ। ਭਾਜਪਾ ਦੇ ਅਸ਼ੋਕ ਵਾਜਪਾਈ ਨੇ ਕਿਹਾ ਕਿ ਇਸ ਬਿੱਲ ਨੂੰ ਬਣਾਉਣ ਤੋਂ ਪਹਿਲਾਂ ਸਾਰੇ ਭਾਈਵਾਲਾਂ ਨਾਲ ਸਲਾਹ ਕੀਤੀ ਗਈ ਸੀ। ਇਸ ਤੋਂ ਪਹਿਲਾਂ ਬਿੱਲ ਨੂੰ ਚਰਚਾ ਲਈ ਪੇਸ਼ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਬਿੱਲ ਫ਼ੌਜ ਦੇ ਤਿੰਨਾਂ ਅੰਗਾਂ ਤੋਂ ਜਾਣਕਾਰੀ ਲੈ ਕੇ ਅਤੇ ਕਾਨੂੰਨ ਤੇ ਨਿਆਂ ਮੰਤਰਾਲਾ ਨਾਲ ਸਲਾਹ ਕਰ ਕੇ ਤਿਆਰ ਕੀਤਾ ਗਿਆ ਹੈ। ਇਹ ਬਿੱਲ ਅੰਤਰ-ਸੇਵਾ ਸੰਸਥਾਵਾਂ ਦੇ ਮੁਖੀਆਂ ਨੂੰ ਬਿਹਤਰ ਅਨੁਸ਼ਾਸਨੀ ਅਤੇ ਪ੍ਰਸ਼ਾਸਨਿਕ ਸ਼ਕਤੀਆਂ ਪ੍ਰਦਾਨ ਕਰਦਾ ਹੈ । ਇਸ ਨਾਲ ਉਹ ਆਪਣੇ ਸੰਗਠਨ ਵਿੱਚ ਪ੍ਰਭਾਵਸ਼ਾਲੀ ਕਮਾਂਡ ਕੰਟਰੋਲ ਅਤੇ ਅਨੁਸ਼ਾਸਨ ਲਿਆਉਣ ਦੇ ਯੋਗ ਹੋਣਗੇ।

Leave a Reply

Your email address will not be published. Required fields are marked *