ਵੱਡੀ ਖ਼ਬਰ : ਹੁਣ ਸਾਲ ’ਚ 2 ਵਾਰ ਹੋਣਗੀਆਂ 10ਵੀਂ ਤੇ 12ਵੀਂ ਬੋਰਡ ਦੀਆਂ ਪ੍ਰੀਖਿਆਵਾਂ, 2024 ਤੋਂ ਲਾਗੂ ਹੋਵੇਗਾ ਨਵਾਂ ਨਿਯਮ

ਸਿੱਖਿਆ ਮੰਤਰਾਲਾ ਨੇ ਸਕੂਲੀ ਸਿੱਖਿਆ ਲਈ ਨਵਾਂ ਰਾਸ਼ਟਰੀ ਸਿਲੇਬਸ ਫਰੇਮਵਰਕ (ਐੱਨ. ਸੀ. ਐੱਫ.) ਤਿਆਰ ਕੀਤਾ ਹੈ, ਜਿਸ ਅਧੀਨ ਹੁਣ ਬੋਰਡ ਦੀਆਂ ਪ੍ਰੀਖਿਆਵਾਂ ਸਾਲ ਵਿੱਚ 2 ਵਾਰ ਹੋਣਗੀਆਂ ਅਤੇ ਵਿਦਿਆਰਥੀਆਂ ਕੋਲ ਆਪਣੇ ਵਧੀਆ ਅੰਕ ਬਰਕਰਾਰ ਰੱਖਣ ਦਾ ਬਦਲ ਹੋਵੇਗਾ। ਇਸ ਦੇ ਨਾਲ ਹੀ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਤੇ ਵਿਦਿਆਰਥਣਾ ਨੂੰ 2 ਭਾਸ਼ਾਵਾਂ ਦਾ ਅਧਿਐਨ ਕਰਨਾ ਹੋਵੇਗਾ। ਇਨ੍ਹਾਂ ’ਚੋਂ ਘੱਟੋ-ਘੱਟ ਇੱਕ ਭਾਸ਼ਾ ਭਾਰਤੀ ਹੋਣੀ ਚਾਹੀਦੀ ਹੈ। ਨਵੇਂ ਸਿਲੇਬਸ ਫਰੇਮਵਰਕ ਅਨੁਸਾਰ ਸਕੂਲ ਬੋਰਡ ਨਿਰਧਾਰਿਤ ਸਮੇਂ ’ਤੇ ਮੰਗ ਅਨੁਸਾਰ ਪ੍ਰੀਖਿਆਵਾਂ ਦੀ ਪੇਸ਼ਕਸ਼ ਕਰਨ ਦੀ ਸਮਰੱਥਾ ਵਿਕਸਿਤ ਕਰਨਗੇ। ਨਵੀਂ ਸਿੱਖਿਆ ਨੀਤੀ (ਐੱਨ. ਈ. ਪੀ.) ਮੁਤਾਬਕ ਨਵਾਂ ਸਿਲੇਬਸ ਢਾਂਚਾ ਤਿਆਰ ਹੈ । ਇਸ ਦੇ ਆਧਾਰ ’ਤੇ 2024 ਦੇ ਅਕਾਦਮਿਕ ਸੈਸ਼ਨ ਲਈ ਪਾਠ ਪੁਸਤਕਾਂ ਤਿਆਰ ਕੀਤੀਆਂ ਜਾਣਗੀਆਂ। ਨਵਾਂ ਸਿਲੇਬਸ ਇਹ ਕਹਿੰਦਾ ਹੈ ਕਿ ਕਲਾ ਅਤੇ ਵਿਗਿਆਨ, ਸਿਲੇਬਸ ਜਾਂ ਸਿਲੇਬਸ ਤੋਂ ਬਾਹਰਲੀਆਂ ਸਰਗਰਮੀਆਂ ਅਤੇ ਵੋਕੇਸ਼ਨਲ ਤੇ ਅਕਾਦਮਿਕ ਵਿਸ਼ਿਆਂ ਵਿਚਕਾਰ ਕੋਈ ਸਖ਼ਤ ਵੰਡ ਨਹੀਂ ਹੋਣੀ ਚਾਹੀਦੀ।

ਸਕੂਲ ਪੱਧਰ ’ਤੇ ‘ਰਾਸ਼ਟਰੀ ਸਿਲੇਬਸ ਫਰੇਮਵਰਕ’ ਦਸਤਾਵੇਜ਼ ਅਨੁਸਾਰ 11ਵੀਂ ਅਤੇ 12ਵੀਂ ਜਮਾਤ ਦੇ ਵਿਸ਼ਿਆਂ ਦੀ ਚੋਣ ਆਰਟਸ, ਸਾਇੰਸ, ਕਾਮਰਸ ਸਟਰੀਮ ਤੱਕ ਸੀਮਤ ਨਹੀਂ ਹੋਵੇਗੀ ਸਗੋਂ ਵਿਦਿਆਰਥੀਆਂ ਨੂੰ ਆਪਣੀ ਪਸੰਦ ਦੇ ਵਿਸ਼ੇ ਦੀ ਚੋਣ ਕਰਨ ਦੀ ਆਜ਼ਾਦੀ ਮਿਲੇਗੀ। ਇਸਰੋ ਦੇ ਸਾਬਕਾ ਮੁਖੀ ਕੇ. ਕਸਤੂਰੀਰੰਗਨ ਦੀ ਅਗਵਾਈ ਵਾਲੀ ਕਮੇਟੀ ਵੱਲੋਂ ਤਿਆਰ ਕੀਤੀ ਗਈ ਐੱਨ. ਸੀ. ਐੱਫ. ਮੁਤਾਬਕ ਬੋਰਡ ਪ੍ਰੀਖਿਆਵਾਂ ਨਾਲ ਸਬੰਧਤ ਤਬਦੀਲੀ ਦੀ ਗੱਲ ਕਹੀ ਗਈ ਹੈ।

Leave a Reply

Your email address will not be published. Required fields are marked *