ਵੱਡੀ ਵਾਰਦਾਤ : ਏਅਰ ਹੋਸਟੈੱਸ ਦਾ ਮੁੰਬਈ ’ਚ ਕਤਲ
ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੀ ਰਹਿਣ ਵਾਲੀ ਰੂਪਲ ਓਗਰੇ ਨਾਂ ਦੀ ਇਕ ਏਅਰ ਹੋਸਟੈੱਸ ਦੀ ਮੁੰਬਈ ’ਚ ਹੱਤਿਆ ਕਰ ਦਿੱਤੀ ਗਈ। ਪੁਲਸ ਨੂੰ ਉਸ ਦੀ ਲਾਸ਼ ਉਸ ਦੇ ਫਲੈਟ ਵਿਚੋਂ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ ਸੀ। ਕਤਲ ਦਾ ਕਾਰਨ ਸਪਸ਼ਟ ਨਹੀਂ ਹੈ। ਪੁਲਸ ਨੇ ਇਸ ਮਾਮਲੇ ਵਿਚ ਇਕ ਸਫਾਈ ਮੁਲਾਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਰੂਪਲ ਓਗਰੇ ਕੁਝ ਸਮੇਂ ਤੋਂ ਮੁੰਬਈ ਦੇ ਅੰਧੇਰੀ ਵਿਚ ਸਥਿਤ ਐੱਨ. ਜੀ. ਕੰਪਲੈਕਸ ਵਿਚ ਆਪਣੀ ਵੱਡੀ ਭੈਣ ਅਤੇ ਇਕ ਦੋਸਤ ਨਾਲ ਰਹਿ ਰਹੀ ਸੀ। ਵਾਰਦਾਤ ਦੌਰਾਨ ਔਰਤ ਦੀ ਭੈਣ ਅਤੇ ਉਸ ਦਾ ਦੋਸਤ ਦੋਨੋਂ ਆਪਣੇ ਹੋਮ ਟਾਊਨ ਗਏ ਹੋਏ ਸਨ।
ਰੂਪਲ ਇਕ ਨਿੱਜੀ ਏਅਰਲਾਈਨ ਕੰਪਨੀ ਵਿਚ ਏਅਰ ਹੋਸਟੈੱਸ ਸੀ। ਹਾਲ ਹੀ ਵਿਚ ਉਸ ਦੀ ਚੋਣ ਹੋਈ ਸੀ। ਉਹ ਉਥੇ ਟਰੇਨੀ ਦੇ ਤੌਰ ’ਤੇ ਕੰਮ ਕਰ ਰਹੀ ਸੀ। ਦਸਿਆ ਜਾ ਰਿਹਾ ਹੈ ਕਿ ਕਤਲ ਦੇ ਮਾਮਲੇ ਵਿਚ ਸਫਾਈ ਮੁਲਾਜ਼ਮ ਨੂੰ ਫੜਿਆ ਗਿਆ ਹੈ। ਇਸ ਤੋਂ ਪਹਿਲਾਂ ਮੁੰਬਈ ਪੁਲਸ ਨੇ ਬਿਲਡਿੰਗ ਵਿਚ ਕੰਮ ਕਰਨ ਵਾਲੇ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਸੀ। ਪੁੱਛਗਿੱਛ ਤੋਂ ਬਾਅਦ ਉਸਨੂੰ ਛੱਡ ਦਿੱਤਾ ਗਿਆ।