ਸਰਕਾਰ ਨੇ ਨੀਮ ਸੁਰੱਖਿਆ ਫੋਰਸਾਂ ਦੀ ਭਰਤੀ ਪ੍ਰਕਿਰਿਆ ’ਚ ਕੀਤੀਆਂ ਕਈ ਵੱਡੀਆਂ ਤਬਦੀਲੀਆਂ : ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਰੋਜ਼ਗਾਰ ਮੇਲੇ’ ਦੇ ਹਿੱਸੇ ਵਜੋਂ ਵੱਖ-ਵੱਖ ਕੇਂਦਰੀ ਹਥਿਆਰਬੰਦ ਪੁਲਸ ਫੋਰਸਾਂ (ਸੀ. ਏ. ਪੀ. ਐੱਫ.) ’ਚ 51,000 ਤੋਂ ਵੱਧ ਨਵੇਂ ਭਰਤੀ ਹੋਏ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਮੌਕੇ ਵੀਡੀਓ ਕਾਨਫਰਸਿੰਗ ਰਾਹੀਂ ਇਨ੍ਹਾਂ ਨਵ-ਨਿਯੁਕਤ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵਾਰ ਰੁਜ਼ਗਾਰ ਮੇਲਾ ਅਜਿਹੇ ਮਾਹੌਲ ਵਿੱਚ ਲਾਇਆ ਜਾ ਰਿਹਾ ਹੈ, ਜਦੋਂ ਦੇਸ਼ ਦਾ ਮਾਣ ਅਤੇ ਸਵੈ-ਭਰੋਸਾ ਭਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਡਾ ਚੰਦਰਯਾਨ ਅਤੇ ਇਸ ਦਾ ਰੋਵਰ ਪ੍ਰਗਿਆਨ ਚੰਦਰਮਾ ਤੋਂ ਲਗਾਤਾਰ ਇਤਿਹਾਸਕ ਤਸਵੀਰਾਂ ਭੇਜ ਰਿਹਾ ਹੈ। ਪਿਛਲੇ ਨੌਂ ਸਾਲਾਂ ਵਿੱਚ ਉਨ੍ਹਾਂ ਦੀ ਸਰਕਾਰ ਦੀਆਂ ਕੋਸ਼ਿਸ਼ਾਂ ਨੇ ਤਬਦੀਲੀ ਦਾ ਇੱਕ ਹੋਰ ਨਵਾਂ ਪੜਾਅ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਸਾਲ ਭਾਰਤ ਨੇ ਰਿਕਾਰਡ ਬਰਾਮਦ ਕੀਤੀ ਜੋ ਇਸ ਗੱਲ ਦਾ ਸੰਕੇਤ ਹੈ ਕਿ ਵਿਸ਼ਵ ਬਾਜ਼ਾਰਾਂ ਵਿੱਚ ਭਾਰਤੀ ਵਸਤਾਂ ਦੀ ਮੰਗ ਲਗਾਤਾਰ ਵਧ ਰਹੀ ਹੈ।

ਉਨ੍ਹਾਂ ਕਿਹਾ ਕਿ ‘ਵੋਕਲ ਫਾਰ ਲੋਕਲ’ ਦੇ ਮੰਤਰ ’ਤੇ ਚੱਲਦਿਆਂ ਭਾਰਤ ਸਰਕਾਰ ‘ਮੇਡ ਇਨ ਇੰਡੀਆ’ ਅਧੀਨ ਲੈਪਟਾਪ ਤੇ ਕੰਪਿਊਟਰ ਵਰਗੀਆਂ ਵਸਤਾਂ ਖਰੀਦਣ ’ਤੇ ਜ਼ੋਰ ਦੇ ਰਹੀ ਹੈ। ਇਸ ਕਾਰਨ ਨਿਰਮਾਣ ਵਿੱਚ ਵੀ ਵਾਧਾ ਹੋਇਆ ਹੈ । ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋ ਰਹੇ ਹਨ। ਪਿਛਲੇ ਕੁਝ ਸਾਲਾਂ ਵਿੱਚ ਸਰਕਾਰ ਨੇ ਨੀਮ ਸੁਰੱਖਿਆ ਫੋਰਸਾਂ ਦੀ ਭਰਤੀ ਪ੍ਰਕਿਰਿਆ ਵਿੱਚ ਕਈ ਵੱਡੀਆਂ ਤਬਦੀਲੀਆਂ ਕੀਤੀਆਂ ਹਨ। ਮੋਦੀ ਨੇ ਇਸ ਮੌਕੇ ’ਤੇ ‘ਪ੍ਰਧਾਨ ਮੰਤਰੀ ਜਨ-ਧਨ ਯੋਜਨਾ’ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਨੇ ਪਿੰਡਾਂ ਅਤੇ ਗਰੀਬਾਂ ਦੇ ਆਰਥਿਕ ਸਸ਼ਕਤੀਕਰਨ ਦੇ ਨਾਲ-ਨਾਲ ਰੁਜ਼ਗਾਰ ਸਿਰਜਣ ’ਚ ਵੀ ਵੱਡੀ ਭੂਮਿਕਾ ਨਿਭਾਈ ਹੈ। ਇਹ ਨੌਕਰੀ ਮੇਲਾ ਪੂਰੇ ਦੇਸ਼ ਵਿੱਚ 45 ਥਾਵਾਂ ’ਤੇ ਲਾਇਆ ਗਿਆ। ਰੁਜ਼ਗਾਰ ਮੇਲੇ ਰਾਹੀਂ ਕੇਂਦਰੀ ਗ੍ਰਹਿ ਮੰਤਰਾਲਾ ਨੇ ਵੱਖ-ਵੱਖ ਕੇਂਦਰੀ ਹਥਿਆਰਬੰਦ ਪੁਲਸ ਫੋਰਸਾਂ, ਨਾਰਕੋਟਿਕਸ ਕੰਟਰੋਲ ਬਿਊਰੋ ਅਤੇ ਦਿੱਲੀ ਪੁਲਸ ਵਿੱਚ ਕਰਮਚਾਰੀਆਂ ਦੀ ਭਰਤੀ ਕੀਤੀ ਹੈ। ਪ੍ਰਧਾਨ ਮੰਤਰੀ ਦਫਤਰ (ਪੀ. ਐੱਮ. ਓ.) ਮੁਤਾਬਕ ਇਹ ਨੌਕਰੀ ਮੇਲਾ ਪ੍ਰਧਾਨ ਮੰਤਰੀ ਦੀ ਰੋਜ਼ਗਾਰ ਸਿਰਜਣ ਪ੍ਰਤੀ ਵਚਨਬੱਧਤਾ ਨੂੰ ਤਰਜੀਹ ਦੇਣ ਦੀ ਦਿਸ਼ਾ ’ਚ ਇਕ ਕਦਮ ਹੈ। ਇਸ ਨਾਲ ਰੁਜ਼ਗਾਰ ਸਿਰਜਣ ਨੂੰ ਹੁਲਾਰਾ ਮਿਲੇਗਾ । ਨਾਲ ਹੀ ਰਾਸ਼ਟਰ ਨਿਰਮਾਣ ਵਿੱਚ ਨੌਜਵਾਨਾਂ ਦੀ ਭਾਈਵਾਲੀ ਅਤੇ ਸਸ਼ਕਤੀਕਰਨ ਦੇ ਮੌਕੇ ਮਿਲਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *