ਹਿਮਾਚਲ ’ਚ ਮੀਂਹ ਦਾ ਕਹਿਰ! ਕੁੱਲੂ ਚ ਤਾਸ਼ ਦੇ ਪੱਤਿਆਂ ਵਾਂਗ ਡਿੱਗੀਆਂ ਕਈ ਇਮਾਰਤਾਂ

ਹਿਮਾਚਲ ਪ੍ਰਦੇਸ਼ ’ਚ ਮੀਂਹ ਨੇ ਹੰਗਾਮਾ ਮਚਾ ਦਿੱਤਾ ਹੈ। ਸੂਬੇ ‘ਚ ਪਿਛਲੇ 36 ਘੰਟਿਆਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਭਾਰੀ ਮੀਂਹ ਜਾਨ-ਮਾਲ ਦੇ ਨੁਕਸਾਨ ਦਾ ਵੱਡਾ ਕਾਰਨ ਬਣ ਗਿਆ ਹੈ। ਦੋ ਥਾਵਾਂ ‘ਤੇ ਬੱਦਲ ਫਟ ਗਏ ਹਨ, ਜਦਕਿ ਕਈ ਥਾਵਾਂ ‘ਤੇ ਢਿੱਗਾਂ ਡਿੱਗੀਆਂ ਹਨ। ਇਸ ਦੌਰਾਨ ਕੁੱਲੂ ਤੋਂ ਇਕ ਖੌਫਨਾਕ ਦ੍ਰਿਸ਼ ਸਾਹਮਣੇ ਆਇਆ ਹੈ। ਜਿੱਥੇ ਕੁਝ ਹੀ ਸਮੇਂ ਵਿੱਚ ਕਈ ਘਰ ਢਹਿ ਗਏ। ਹਿਮਾਚਲ ਪ੍ਰਦੇਸ਼ ‘ਚ ਬਾਰਿਸ਼ ਨਾਲ ਸੂਬਾ ਕਾਫੀ ਪ੍ਰਭਾਵਿਤ ਹੋਇਆ ਹੈ। ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ ‘ਚ ਵੀਰਵਾਰ ਨੂੰ ਮੀਂਹ ਕਾਰਨ ਘੱਟੋ-ਘੱਟ 8 ਖਾਲੀ ਇਮਾਰਤਾਂ ਢਹਿ ਗਈਆਂ। ਇਸ ਦੇ ਨਾਲ ਹੀ ਸ਼ਿਵ ਮੰਦਰ ’ਚ ਜ਼ਮੀਨ ਖਿਸਕਣ ਵਾਲੀ ਜਗ੍ਹਾ ਤੋਂ ਇਕ ਲਾਸ਼ ਬਰਾਮਦ ਹੋਈ ਹੈ। ਕੁੱਲੂ ਦੇ ਐਨੀ ਇਲਾਕੇ ‘ਚ ਇਮਾਰਤ ਡਿੱਗਣ ਦੀ ਘਟਨਾ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਤਾਸ਼ ਦੇ ਪੱਤਿਆਂ ਵਾਂਗ ਢਹਿ ਗਏ ਤਿੰਨ ਘਰ
ਕੁੱਲੂ ‘ਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਹਾਲਾਤ ਵਿਗੜਦੇ ਜਾ ਰਹੇ ਹਨ। ਸ਼ਿਮਲਾ ਦੇ ਕ੍ਰਿਸ਼ਨਾ ਨਗਰ ‘ਚ ਇਕ ਘਰ ਦੇ ਢਹਿ ਜਾਣ ਦੀ ਭਿਆਨਕ ਵੀਡੀਓ ਸਾਹਮਣੇ ਆਈ ਹੈ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਕੁੱਲੂ ਦੇ ਐਨੀ ਸਬ-ਡਿਵੀਜ਼ਨ ਦੇ ਬੱਸ ਸਟੈਂਡ ਨੇੜੇ ਵੀਰਵਾਰ ਸਵੇਰੇ ਚਾਰ ਤੋਂ ਜ਼ਿਆਦਾ ਘਰ ਤਾਸ਼ ਦੀ ਤਰ੍ਹਾਂ ਢਹਿ ਗਏ। ਕੁਝ ਸਮੇਂ ਦੇ ਅੰਦਰ ਹੀ ਇਮਾਰਤਾਂ ਜ਼ਮੀਨ ‘ਤੇ ਢਹਿ-ਢੇਰੀ ਹੋ ਗਈਆਂ। ਇਸ ’ਚੋਂ ਐੱਸ.ਬੀ.ਆਈ. ਅਤੇ ਕਾਂਗੜਾ ਕੇਂਦਰੀ ਸਰਕਾਰੀ ਬੈਂਕ ਦੀਆਂ ਦੋ ਇਮਾਰਤਾਂ ਵਿੱਚ ਸ਼ਾਖਾਵਾਂ ਚੱਲ ਰਹੀਆਂ ਸਨ। ਘਰ ਵਿੱਚ ਤਰੇੜਾਂ ਨਜ਼ਰ ਆਉਣ ਤੋਂ ਬਾਅਦ ਇੱਕ ਹਫ਼ਤਾ ਪਹਿਲਾਂ ਦੋਵਾਂ ਸ਼ਾਖਾਵਾਂ ਨੂੰ ਇੱਥੋਂ ਕੱਢ ਕੇ ਕਿਸੇ ਹੋਰ ਥਾਂ ’ਤੇ ਲਿਜਾਇਆ ਗਿਆ ਸੀ। ਸ਼ਿਮਲਾ ਦੇ ਐੱਸ.ਪੀ. ਸੰਜੀਵ ਕੁਮਾਰ ਗਾਂਧੀ ਨੇ ਦੱਸਿਆ ਕਿ ਸ਼ਿਮਲਾ ‘ਚ ਤਿੰਨ ਥਾਵਾਂ ‘ਤੇ ਜ਼ਮੀਨ ਖਿਸਕਣ ਤੋਂ 25 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਸਮਰ ਹਿੱਲ ਤੋਂ 18, ਸ਼ਿਵ ਮੰਦਰ ਅਤੇ ਫਾਗਲੀ ਤੋਂ ਪੰਜ-ਪੰਜ ਅਤੇ ਕ੍ਰਿਸ਼ਨਾ ਨਗਰ ਤੋਂ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਵੀਰਵਾਰ ਨੂੰ ਇਕ ਲਾਸ਼ ਨੂੰ ਬਾਹਰ ਕੱਢ ਲਿਆ ਗਿਆ ਸੀ, ਜਦਕਿ ਦੋ ਲਾਸ਼ਾਂ ਅਜੇ ਵੀ ਮਲਬੇ ਹੇਠ ਦੱਬੀਆਂ ਹੋਈਆਂ ਹਨ। ਲਾਸ਼ ਦੀ ਪਛਾਣ ਸਮਰਹਿੱਲ ਵਾਸੀ ਨੀਰਜ ਵਜੋਂ ਹੋਈ ਹੈ।

ਸ਼ਿਵ ਮੰਦਰ ‘ਚ ਅਜੇ ਵੀ ਬਚਾਅ ਕਾਰਜ ਜਾਰੀ
ਤਲਾਸ਼ੀ ਮੁਹਿੰਮ 10ਵੇਂ ਦਿਨ ਵੀ ਜਾਰੀ ਹੈ। ਐਨਡੀਆਰਐਫ ਅਤੇ ਸਥਾਨਕ ਪ੍ਰਸ਼ਾਸਨ ਨੇ ਬੀਤੀ ਸ਼ਾਮ ਤਲਾਸ਼ੀ ਮੁਹਿੰਮ ਦੀ ਰਣਨੀਤੀ ਬਦਲ ਦਿੱਤੀ ਹੈ। ਨਾਲੇ ਦੇ ਉੱਪਰ ਯਾਨੀ ਮੰਦਿਰ ਵੱਲ ਮਲਬੇ ਨੂੰ ਪੁੱਟ ਕੇ ਸਰਚ ਅਭਿਆਨ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ, ਕਿਉਂਕਿ ਮੰਦਰ ਦੇ ਨੇੜੇ ਬਹੁਤੀ ਸਫਲਤਾ ਨਹੀਂ ਮਿਲੀ। ਇਸ ਦੇ ਨਾਲ ਹੀ ਜੇਸੀਬੀ ਦੀ ਮਦਦ ਨਾਲ ਤਲਾਸ਼ੀ ਮੁਹਿੰਮ ਵੀ ਚਲਾਈ ਗਈ।

ਇਸ ਮਹੀਨੇ 120 ਲੋਕਾਂ ਦੀ ਮੌਤ
ਹਿਮਾਚਲ ਪ੍ਰਦੇਸ਼ ਵਿੱਚ 24 ਜੂਨ ਨੂੰ ਮਾਨਸੂਨ ਸ਼ੁਰੂ ਹੋਣ ਤੋਂ ਬਾਅਦ ਇਸ ਮਹੀਨੇ ਰਾਜ ਵਿੱਚ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਤਕਰੀਬਨ 120 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਕੁੱਲ 239 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 40 ਲੋਕ ਅਜੇ ਵੀ ਲਾਪਤਾ ਹਨ।

Leave a Reply

Your email address will not be published. Required fields are marked *