ਹਿੰਦੂ ਧਰਮ ਸਭ ਤੋਂ ਪੁਰਾਣਾ, ਮੁਸਲਮਾਨ 1500 ਸਾਲ ਪਹਿਲਾਂ ਆਏ : ਆਜ਼ਾਦ

ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਡੈਮੋਕਰੇਟਿਕ ਪ੍ਰੋਗਰੈਸਿਵ ਆਜ਼ਾਦ ਪਾਰਟੀ ਦੇ ਪ੍ਰਧਾਨ ਗੁਲਾਮ ਨਬੀ ਆਜ਼ਾਦ ਨੇ ਹਿੰਦੂ ਧਰਮ ਨੂੰ ਲੈ ਕੇ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਹਿੰਦੂ ਧਰਮ ਸਭ ਤੋਂ ਪੁਰਾਣਾ ਧਰਮ ਹੈ ਅਤੇ ਸਾਰੇ ਧਰਮ ਹਿੰਦੂ ਧਰਮ ਤੋਂ ਆਏ ਹਨ। ਭਾਰਤ ’ਚ ਸਾਰੇ ਮੁਸਲਮਾਨ ਪਹਿਲਾਂ ਹਿੰਦੂ ਸਨ। ਆਜ਼ਾਦ ਦਾ ਇਹ ਵੀਡੀਓ ਜੋ ਵਾਇਰਲ ਹੋ ਰਿਹਾ ਹੈ, ਡੋਡਾ ’ਚ ਆਯੋਜਿਤ ਇਕ ਜਨ ਸਭਾ ਦਾ ਦੱਸਿਆ ਜਾ ਰਿਹਾ ਹੈ। ਆਜ਼ਾਦ ਨੇ ਬਿਆਨ ’ਚ ਕਿਹਾ ਕਿ ਪੂਰਾ ਭਾਰਤ ਹਿੰਦੂ ਹੈ। ਭਾਰਤ ’ਚ ਇਸਲਾਮ 1500 ਸਾਲ ਪਹਿਲਾਂ ਹੋਂਦ ’ਚ ਆਇਆ ਸੀ ਜਦਕਿ ਹਿੰਦੂ ਧਰਮ ਸਭ ਤੋਂ ਪੁਰਾਣਾ ਹੈ। 10 ਤੋਂ 15 ਮੁਗਲ ਫ਼ੌਜ ਦੇ ਸਿਪਾਹੀ ਭਾਰਤ ਆਏ, ਜੋ ਮੁਸਲਮਾਨ ਸਨ। 600 ਸਾਲ ਪਹਿਲਾਂ ਕਸ਼ਮੀਰ ’ਚ ਕੋਈ ਮੁਸਲਮਾਨ ਨਹੀਂ ਸੀ, ਸਾਰੇ ਕਸ਼ਮੀਰੀ ਪੰਡਿਤ ਸਨ। ਭਾਰਤ ’ਚ ਕੋਈ ਵੀ ਬਾਹਰੀ ਨਹੀਂ ਹੈ। ਸਾਰੇ ਹਿੰਦੂ ਸਨ ਜਿਨ੍ਹਾਂ ਬਾਅਦ ’ਚ ਧਰਮ ਤਬਦੀਲ ਕਰ ਲਿਆ। ਸਿਆਸਤ ਦਾ ਧਰਮ ਨਾਲ ਕੋਈ ਸਬੰਧ ਨਹੀਂ। ਸਿਆਸਤ ’ਚ ਧਰਮ ਦਾ ਆਸਰਾ ਲੈਣ ਵਾਲੇ ਲੋਕ ਕਮਜ਼ੋਰ ਹਨ। ਧਰਮ ਦੇ ਨਾਂ ’ਤੇ ਵੋਟਾਂ ਲੈਣ ਵਾਲੇ ਦੇਸ਼ ਨੂੰ ਕਮਜ਼ੋਰ ਕਰ ਰਹੇ ਹਨ।

ਗੁਲਾਮ ਨਬੀ ਆਜ਼ਾਦ ਨੇ ਸੁਪਰੀਮ ਕੋਰਟ ’ਚ ਧਾਰਾ 370 ਦਾ ਬਚਾਅ ਕਰਨ ਲਈ ਸੰਸਦ ਮੈਂਬਰ ਅਤੇ ਵਕੀਲ ਕਪਿਲ ਸਿੱਬਲ ਦੀ ਸ਼ਲਾਘਾ ਕੀਤੀ। ਆਜ਼ਾਦ ਨੇ ਨਵੀਂ ਦਿੱਲੀ ’ਚ ਸਿੱਬਲ ਨਾਲ ਮੁਲਾਕਾਤ ਕੀਤੀ ਅਤੇ ਇਸ ਮੁੱਦੇ ’ਤੇ ਚਰਚਾ ਕਰਨ ਲਈ ਇਕ ਘੰਟਾ ਮੀਟਿੰਗ ਕੀਤੀ। ਆਜ਼ਾਦ ਨੇ ਸਿੱਬਲ ਨੂੰ ਕਿਹਾ ਕਿ ਤੁਸੀਂ ਧਾਰਾ 370 ਦੇ ਮਾਮਲੇ ਨੂੰ ਬਹੁਤ ਸਪੱਸ਼ਟ ਢੰਗ ਨਾਲ ਪੇਸ਼ ਕੀਤਾ। ਤੁਸੀਂ ਸ਼ੇਰ ਵਾਂਗ ਗਰਜ ਰਹੇ ਹੋ। ਇਹ ਦੱਸਦੇ ਹੋਏ ਕਿ ਉਨ੍ਹਾਂ ਨੂੰ ਸੁਪਰੀਮ ਕੋਰਟ ਤੋਂ ਉਸਾਰੂ ਨਤੀਜੇ ਦੀ ਉਮੀਦ ਹੈ, ਆਜ਼ਾਦ ਨੇ ਕਿਹਾ ਕਿ ਯੂ. ਟੀ. ਦੇ ਲੋਕਾਂ ਦੇ ਸਿਆਸੀ ਅਤੇ ਆਰਥਿਕ ਹੱਕਾਂ ਦੀ ਰਾਖੀ ਲਈ ਉਨ੍ਹਾਂ ਦੀ ਲੜਾਈ ਜਾਰੀ ਰਹੇਗੀ।

Leave a Reply

Your email address will not be published. Required fields are marked *