ਹੁਣ ਕਠੂਆ ’ਚ ‘ਜੈ ਸ਼੍ਰੀ ਰਾਮ’ ਲਿਖਣ ’ਤੇ ਅਧਿਆਪਕ ਨੇ ਕੀਤੀ ਬੱਚੇ ਦੀ ਕੁੱਟਮਾਰ, ਅਧਿਆਪਕ ਗ੍ਰਿਫ਼ਤਾਰ

ਕੁੱਝ ਦਿਨ ਪਹਿਲਾਂ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿਖੇ ਇਕ ਨਿੱਜੀ ਸਕੂਲ ’ਚ ਵਿਸ਼ੇਸ਼ ਵਰਗ ਦੇ ਬੱਚੇ ਦੀ ਕੁੱਟਮਾਰ ਕਰਨ ਦਾ ਮਾਮਲਾ ਭਖਿਆ ਸੀ ਅਤੇ ਹੁਣ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਬਨੀ ’ਚ ਇਕ ਸਰਕਾਰੀ ਅੱਪਰ ਸੈਕੰਡਰੀ ਸਕੂਲ ’ਚ ਵੀ ਅਧਿਆਪਕ ਵੱਲੋਂ ਵਿਦਿਆਰਥੀ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੇ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਹਸਪਤਾਲ ’ਚ ਦਾਖਲ ਵਿਦਿਆਰਥੀ ਨੇ ਕਿਹਾ ਕਿ ਉਸ ਨੂੰ ਇਸ ਲਈ ਕੁੱਟਿਆ ਗਿਆ ਕਿਉਂਕਿ ਉਸ ਨੇ ਕਲਾਸ ਦੇ ਬਲੈਕਬੋਰਡ ’ਤੇ ‘ਜੈ ਸ਼੍ਰੀ ਰਾਮ’ ਲਿਖਿਆ ਸੀ। ਪੁਲਸ ਨੇ ਦੋਸ਼ੀ ਅਧਿਆਪਕ ਅਤੇ ਸਕੂਲ ਦੇ ਪ੍ਰਿੰਸੀਪਲ ਖਿਲਾਫ ਐੱਫ.ਆਈ.ਆਰ. ਦਰਜ ਕਰ ਲਈ ਹੈ। ਕਠੂਆ ਦੇ ਡਿਪਟੀ ਕਮਿਸ਼ਨਰ ਨੇ ਨੋਟੀਫਿਕੇਸ਼ਨ ਜਾਰੀ ਕਰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਲਈ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਅਧਿਆਪਕ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਇਸ ਦੌਰਾਨ ਵਿਦਿਆਰਥੀ ਦੀ ਕੁੱਟਮਾਰ ਕਰਨ ਵਾਲੇ ਅਧਿਆਪਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਦੂਜੇ ਪਾਸੇ ਮੁਜ਼ੱਫਰਨਗਰ ਜ਼ਿਲੇ ਦੇ ਮਨਸੂਰਪੁਰ ਥਾਣਾ ਖੇਤਰ ਵਿਚ ਇਕ ਪ੍ਰਾਈਵੇਟ ਸਕੂਲ ਦੀ ਮਹਿਲਾ ਅਧਿਆਪਕ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਗਈ ਹੈ, ਜਿਸ ਨੇ ਵਿਦਿਆਰਥੀਆਂ ਨੂੰ ਘੱਟ ਗਿਣਤੀ ਜਮਾਤ ਦੇ ਵਿਦਿਆਰਥੀ ਨੂੰ ਥੱਪੜ ਮਾਰਨ ਲਈ ਕਿਹਾ ਸੀ। ਇਸ ਸਬੰਧੀ ਸਿੱਖਿਆ ਵਿਭਾਗ ਨੇ ਸਕੂਲ ਪ੍ਰਬੰਧਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ ਪੁੱਛਿਆ ਹੈ ਕਿ ਸਕੂਲ ਦੀ ਮਾਨਤਾ ਕਿਉਂ ਨਾ ਰੱਦ ਕੀਤੀ ਜਾਵੇ? ਦੋਸ਼ੀ ਮਹਿਲਾ ਅਧਿਆਪਕ ਨੇ ਸਪੱਸ਼ਟ ਕੀਤਾ ਕਿ ਜੋ ਵੀਡੀਓ ਵਾਇਰਲ ਹੋਈ ਹੈ, ਉਸ ਨਾਲ ਛੇੜਛਾੜ ਕੀਤੀ ਗਈ ਹੈ।

Leave a Reply

Your email address will not be published. Required fields are marked *