ਹੁਨਰ ਨੂੰ ਸੁਧਾਰਨ ਲਈ ਪ੍ਰਿੰਸੀਪਲਾਂ ਤੇ ਮੁੱਖ ਅਧਿਆਪਕਾਂ ਦੇ 4 ਬੈਚ ਭੇਜੇ ਸਿੰਗਾਪੁਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਾਲੀ ਸਰਕਾਰ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਬਿਹਤਰੀਨ ਸਿੱਖਿਆ ਪ੍ਰਦਾਨ ਕਰਨ ਲਈ ਅਹਿਮ ਕਦਮ ਉਠਾਏ ਹਨ। ਸ਼ਾਇਦ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਤੇ ਮੁੱਖ ਅਧਿਆਪਕਾਂ ਨੂੰ ਸਿੰਗਾਪੁਰ ਦੀ ਪ੍ਰਿੰਸੀਪਲ ਅਕੈਡਮੀ ਤੋਂ ਟ੍ਰੇਨਿੰਗ ਦਿਵਾਈ ਹੋਵੇ। ਅਜਿਹਾ ਭਗਵੰਤ ਸਿੰਘ ਮਾਨ ਦੀ ਉਸਾਰੂ ਸੋਚ ਦੇ ਸਦਕਾ ਹੀ ਸੰਭਵ ਹੋ ਸਕਿਆ ਹੈ ਕਿ ਗਰੀਬ ਤੋਂ ਗਰੀਬ ਬੱਚੇ ਨੂੰ ਵੀ ਉੱਚ ਸਿੱਖਿਆ ਹਾਸਲ ਹੋ ਸਕੇ। ਇਕ ਸਿੱਖਿਆ ਅਧਿਕਾਰੀ ਦਾ ਕਹਿਣਾ ਸੀ ਕਿ ਅਜਿਹੀ ਟ੍ਰੇਨਿੰਗ ਦੇਣ ਦਾ ਉਦੇਸ਼ ਅਧਿਆਪਕਾਂ ਵਿਚ ਬਿਹਤਰੀਨ ਤਰੀਕੇ ਨਾਲ ਬੱਚਿਆਂ ਨੂੰ ਪੜ੍ਹਾਈ ਕਰਵਾਉਣ ਅਤੇ ਨਵੀਆਂ ਚੀਜ਼ਾਂ ਸਿਖਾਉਣ ਦੀ ਸਮਰੱਥਾ ਪੈਦਾ ਕਰਨਾ ਹੈ। ਪੰਜਾਬ ਸਰਕਾਰ ਨੇ ਪ੍ਰਿੰਸੀਪਲਾਂ ਅਤੇ ਸਿੱਖਿਆ ਅਧਿਕਾਰੀਆਂ ਦੇ ਚਾਰ ਬੈਚ ਬਣਾ ਕੇ ਉਨ੍ਹਾਂ ਨੂੰ ਸਿੰਗਾਪੁਰ ਪ੍ਰਿੰਸੀਪਲਜ਼ ਟ੍ਰੇਨਿੰਗ ਅਕੈਡਮੀ ਤੋਂ ਵਿਸ਼ੇਸ਼ ਟ੍ਰੇਨਿੰਗ ਦਿਵਾਈ ਹੈ। ਸਭ ਤੋਂ ਪਹਿਲਾਂ 36 ਪ੍ਰਿੰਸੀਪਲਾਂ ਦਾ ਇੱਕ ਬੈਚ 5 ਫਰਵਰੀ, 2023 ਤੋਂ 11 ਫਰਵਰੀ, 2023 ਤੱਕ ਸਿੰਗਾਪੁਰ ਭੇਜਿਆ ਗਿਆ ਤਾਂ ਜੋ ਉਹ ਲੀਡਰਸ਼ਿਪ ਡਿਵੈਲਪਮੈਂਟ ਪ੍ਰੋਗਰਾਮ ਵਿਚ ਹਿੱਸਾ ਲੈ ਕੇ ਆਧੁਨਿਕ ਗਿਆਨ ਨਾਲ ਲੈਸ ਹੋ ਕੇ ਬੱਚਿਆਂ ਨੂੰ ਵਧੀਆ ਪੜ੍ਹਾਈ ਕਰਵਾ ਸਕਣ। ਇਹ 5 ਦਿਨ ਦਾ ਕੋਰਸ ਹੁੰਦਾ ਹੈ, ਜਿਸ ਦੇ ਲਈ 36 ਪ੍ਰਿੰਸੀਪਲਾਂ ਦੀ ਚੋਣ ਕੀਤੀ ਗਈ। ਇਸ ਤੋਂ ਬਾਅਦ 32 ਪ੍ਰਿੰਸੀਪਲਾਂ ਅਤੇ ਸਿੱਖਿਆ ਅਧਿਕਾਰੀਆਂ ਦਾ ਦੂਜਾ ਬੈਚ 5 ਮਾਰਚ ਨੂੰ ਸਿੰਗਾਪੁਰ ਭੇਜਿਆ ਗਿਆ। ਇਸ ਬੈਚ ਨੇ 11 ਮਾਰਚ ਤੱਕ ਸਿੰਗਾਪੁਰ ਵਿਖੇ ਰਹਿ ਕੇ ਇਹ ਵਿਸ਼ੇਸ਼ ਟ੍ਰੇਨਿੰਗ ਹਾਸਲ ਕੀਤੀ। ਇਸ ਤੋਂ ਬਾਅਦ 24 ਜੁਲਾਈ ਤੋਂ 28 ਜੁਲਾਈ ਤੱਕ 72 ਪ੍ਰਿੰਸੀਪਲਾਂ ਦੇ ਤੀਜੇ ਅਤੇ ਚੌਥੇ ਬੈਚ ਨੂੰ ਸਿੰਗਾਪੁਰ ਭੇਜਿਆ ਗਿਆ ਸੀ। ਅਜਿਹਾ ਨਹੀਂ ਕਿ ਸਿਰਫ ਪ੍ਰਿੰਸੀਪਲਾਂ ਨੂੰ ਹੀ ਟ੍ਰੇਨਿੰਗ ਲਈ ਵਿਦੇਸ਼ ਭੇਜਿਆ ਗਿਆ ਹੋਵੇ ਸਗੋਂ ਦੇਸ਼ ਦੀ ਇਕ ਨਾਮੀ ਸੰਸਥਾ ਆਈ. ਆਈ. ਐੱਮ. ਅਹਿਮਦਾਬਾਦ ਵਿਚ 50 ਮੁੱਖ ਅਧਿਆਪਕਾਂ ਦਾ ਇਕ ਬੈਚ 31 ਜੁਲਾਈ ਤੋਂ 4 ਅਗਸਤ ਤੱਕ ਵਿਸ਼ੇਸ਼ ਟ੍ਰੇਨਿੰਗ ਲੈਣ ਲਈ ਭੇਜਿਆ ਗਿਆ।

ਉਸ ਤੋਂ ਬਾਅਦ ਹਾਲ ਹੀ ਵਿਚ 50 ਮੁੱਖ ਅਧਿਆਪਕਾਂ ਦਾ ਬੈਚ ਬੀਤੀ 28 ਅਗਸਤ ਤੋਂ ਲੈ ਕੇ ਇਕ ਸਤੰਬਰ ਤੱਕ ਆਈ. ਆਈ. ਐੱਮ. ਅਹਿਮਦਾਬਾਦ ਵਿਚ ਟ੍ਰੇਨਿੰਗ ਲਈ ਭੇਜਿਆ ਗਿਆ। ਇਸ ਤਰ੍ਹਾਂ ਦੀ ਪ੍ਰਿੰਸੀਪਲਾਂ ਅਤੇ ਮੁੱਖ ਅਧਿਆਪਕਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿਵਾਉਣ ਦਾ ਮਤਲਬ ਇਹ ਹੈ ਕਿ ਇਹ ਸਕੂਲ ਮੁਖੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕਣ ਕਿ ਪੰਜਾਬ ਦੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਕਿਸ ਤਰੀਕੇ ਨਾਲ ਦਿੱਤੀ ਜਾ ਸਕਦੀ ਹੈ। ਟ੍ਰੇਨਿੰਗ ਹਾਸਲ ਕਰ ਕੇ ਆਉਣ ਵਾਲੇ ਸਕੂਲ ਮੁਖੀ ਆਪਣੇ ਦੂਜੇ ਅਧਿਆਪਕ ਸਾਥੀਆਂ ਨਾਲ ਆਪਣਾ ਤਜਰਬਾ ਸਾਂਝਾ ਕਰਦੇ ਹਨ, ਜਿਸ ਦੇ ਨਾਲ ਦੀਵੇ ਤੋਂ ਦੀਵਾ ਜਗਾਉਣ ਵਾਲੀ ਰਵਾਇਤ ਮੁਤਾਬਕ ਉਨ੍ਹਾਂ ਜੋ ਗਿਆਨ ਹਾਸਲ ਕੀਤਾ ਹੈ, ਉਹ ਦੂਜੇ ਅਧਿਆਪਕ ਸਾਥੀਆਂ ਵਿਚ ਵੰਡ ਰਹੇ ਹਨ।

ਬੱਚਿਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਦੇਣ ਦੇ ਨਾਲ ਸਰਕਾਰੀ ਸਕੂਲਾਂ ਦੇ ਇਹ ਬੱਚੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨਾਲ ਖੁੱਲ੍ਹ ਕੇ ਮੁਕਾਬਲਾ ਕਰਨ ਦੇ ਯੋਗ ਹੋ ਸਕਣਗੇ। ਉਨ੍ਹਾਂ ਵਿਚ ਹੀਣ ਭਾਵਨਾ ਵੀ ਨਹੀਂ ਰਹੇਗੀ। ਜ਼ਿਕਰਯੋਗ ਹੈ ਕਿ ਸਕੂਲ ਮੁਖੀਆਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿਵਾਉਣ ਦੇ ਨਾਲ-ਨਾਲ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਉਨ੍ਹਾਂ ਨੂੰ ਸਕੂਲ ਦੇ ਸਿਲੇਬਸ ਤੋਂ ਬਾਹਰ ਦੀਆਂ ਸਰਗਰਮੀਆਂ ਨੂੰ ਵੀ ਮੁੱਖ ਰੱਖ ਕੇ ਹਰ ਤਰ੍ਹਾਂ ਦੀ ਸਿੱਖਿਆ ਦਿੱਤੀ ਜਾ ਰਹੀ ਹੈ। ਇਸ ਵਿਸ਼ੇਸ਼ ਟ੍ਰੇਨਿੰਗ ਦਾ ਨਤੀਜਾ ਇਹ ਨਿਕਲਿਆ ਹੈ ਕਿ ਟ੍ਰੇਨਿੰਗ ਲੈ ਕੇ ਵਾਪਸ ਆਉਣ ਵਾਲੇ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਕਾਫੀ ਕੁੱਝ ਨਵਾਂ ਸਿਖਾ ਰਹੇ ਹਨ। ਇਸ ਟ੍ਰੇਨਿੰਗ ਸਦਕਾ ਕਲਾਸ ਰੂਮਾਂ ਦੇ ਮਾਹੌਲ ਵਿਚ ਪੂਰੀ ਤਰ੍ਹਾਂ ਤਬਦੀਲੀ ਆ ਗਈ ਹੈ ਅਤੇ ਅਧਿਆਪਕ ਨੂੰ ਸਿਖਾਉਣ ਦੇ ਤਰੀਕਿਆਂ ਵਿਚ ਵੀ ਮਹੱਤਵਪੂਰਨ ਬਦਲਾਅ ਆਇਆ ਹੈ।

Leave a Reply

Your email address will not be published. Required fields are marked *