2023-24 ’ਚ ਆਪਣੇ ਹੀ ਰਿਕਾਰਡ ਨੂੰ ਤੋੜਦੇ ਹੋਏ ਮਾਨ ਸਰਕਾਰ ਵਲੋਂ ਜੀ. ਐੱਸ. ਟੀ. ’ਚ 28.2 ਫ਼ੀਸਦੀ ਵਾਧਾ ਦਰਜ : ਹਰਪਾਲ ਚੀਮਾ

ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਟੈਕਸੇਸ਼ਨ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਪਣੇ ਵਿੱਤੀ ਸਾਲ 2022-23 ਦੌਰਾਨ ਲਿਆਂਦੀਆਂ ਗਈਆਂ ਕ੍ਰਾਂਤੀਕਾਰੀ ਤਬਦੀਲੀਆਂ ਕਾਰਨ ਜੀ. ਐੱਸ. ਟੀ. ਦੇ ਮਾਲੀਏ ’ਚ ਦਰਜ ਕੀਤੇ ਗਏ ਵਾਧੇ ਦੇ ਰਿਕਾਰਡ ਨੂੰ ਤੋੜਦੇ ਹੋਏ ਵਿੱਤੀ ਸਾਲ 2023-24 ਦੇ ਪਹਿਲੇ 5 ਮਹੀਨਿਆਂ ਦੌਰਾਨ 28.2 ਫ਼ੀਸਦੀ ਦਾ ਵਾਧਾ ਦਰਜ ਕੀਤਾ ਹੈ। ਚੀਮਾ ਨੇ ਦੱਸਿਆ ਕਿ ਵਿੱਤੀ ਸਾਲ 2022-23 ਦੇ ਪਹਿਲੇ 5 ਮਹੀਨਿਆਂ ਦੌਰਾਨ ਜੀ. ਐੱਸ. ਟੀ. ਤੋਂ ਇਕੱਠੇ ਕੀਤੇ ਗਏ ਕੁਲ 6648.89 ਕਰੋੜ ਰੁਪਏ ਦੇ ਮਾਲੀਏ ਦੇ ਮੁਕਾਬਲੇ ਮੌਜੂਦਾ ਵਿੱਤੀ ਸਾਲ ’ਚ ਅਗਸਤ ਮਹੀਨੇ ਦੇ ਅਖੀਰ ਤਕ ਕੁਲ 8524.17 ਕਰੋੜ ਰੁਪਏ ਦਾ ਮਾਲੀਆ ਇਕੱਠਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇੰਝ ਸਿਰਫ ਜੀ. ਐੱਸ. ਟੀ. ਤੋਂ ਹੀ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ 1875.28 ਕਰੋੜ ਰੁਪਏ ਦਾ ਵਾਧੂ ਮਾਲੀਆ ਇਕੱਠਾ ਕੀਤਾ ਗਿਆ।


ਟੈਕਸੇਸ਼ਨ ਵਿਭਾਗ ਵਲੋਂ ਵੱਖ-ਵੱਖ ਸੋਮਿਆਂ ਤੋਂ ਇਕੱਠੇ ਕੀਤੇ ਗਏ ਮਾਲੀਏ ਦਾ ਵੇਰਵਾ ਦਿੰਦੇ ਹੋਏ ਹਰਪਾਲ ਚੀਮਾ ਨੇ ਦੱਸਿਆ ਕਿ ਵਿੱਤੀ ਸਾਲ 2022-23 ਦੇ ਮੁਕਾਬਲੇ ਵਿੱਤੀ ਸਾਲ 2023-24 ਦੌਰਾਨ ਜੀ. ਐੱਸ. ਟੀ., ਆਬਕਾਰੀ, ਵੈਟ, ਸੀ. ਐੱਸ. ਟੀ. ਤੇ ਪੀ. ਐੱਸ. ਡੀ. ਟੀ. ਤੋਂ ਇਕੱਠੇ ਕੀਤੇ ਗਏ ਕੁਲ ਮਾਲੀਏ ਵਿਚ 17.49 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿੱਤੀ ਸਾਲ 2022-23 ਦੇ ਪਹਿਲੇ 5 ਮਹੀਨਿਆਂ ਦੌਰਾਨ ਉਪਰੋਕਤ ਸਾਧਨਾਂ ਤੋਂ ਕੁਲ 13116.36 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਸੀ ਜਦੋਂਕਿ ਮੌਜੂਦਾ ਵਿੱਤੀ ਸਾਲ ਦੇ ਇਸੇ ਅਰਸੇ ਦੌਰਾਨ 2293.67 ਕਰੋੜ ਰੁਪਏ ਦਾ ਵਾਧਾ ਦਰਜ ਕਰਦੇ ਹੋਏ ਕੁਲ 15410.03 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵਲੋਂ ਨਵੀਂ ਆਬਕਾਰੀ ਨੀਤੀ ਲਾਗੂ ਕਰਨ ਉਪਰੰਤ ਵਿੱਤੀ ਸਾਲ 2022-23 ਦੌਰਾਨ 2021-22 ਦੇ ਮੁਕਾਬਲੇ ਆਬਕਾਰੀ ਮਾਲੀਏ ਵਿਚ 41 ਫ਼ੀਸਦੀ ਤੋਂ ਵੱਧ ਦਾ ਵਾਧਾ ਦਰਜ ਕਰਨ ਦੇ ਬਾਵਜੂਦ ਪ੍ਰਾਪਤੀਆਂ ਦਾ ਇਹ ਗ੍ਰਾਫ ਅਜੇ ਵੀ ਉਚਾਈਆਂ ਨੂੰ ਛੂਹ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿੱਤੀ ਸਾਲ 2023-24 ਦੇ ਪਹਿਲੇ 5 ਮਹੀਨਿਆਂ ਦੌਰਾਨ ਵੀ ਆਬਕਾਰੀ ਤੋਂ ਪ੍ਰਾਪਤ ਮਾਲੀਏ ਨੇ ਵਿੱਤੀ ਸਾਲ 2022-23 ਦੇ ਇਸੇ ਅਰਸੇ ਦੇ ਮੁਕਾਬਲੇ 7.69 ਫ਼ੀਸਦੀ ਦਾ ਵਾਧਾ ਦਰਜ ਕੀਤਾ ਹੈ। ਵਿੱਤੀ ਸਾਲ 2022-23 ਦੇ ਪਹਿਲੇ 5 ਮਹੀਨਿਆਂ ਵਿਚ ਆਬਕਾਰੀ ਤੋਂ ਕੁਲ 3528.92 ਕਰੋਡ਼ ਰੁਪਏ ਦਾ ਮਾਲੀਆ ਇਕੱਠਾ ਹੋਇਆ ਸੀ ਜਦੋਂਕਿ ਮੌਜੂਦਾ ਵਿੱਤੀ ਸਾਲ ਦੇ ਇਸੇ ਅਰਸੇ ਦੌਰਾਨ 271.31 ਕਰੋਡ਼ ਰੁਪਏ ਦੇ ਵਾਧੇ ਨਾਲ ਕੁਲ 3800.23 ਕਰੋਡ਼ ਰੁਪਏ ਦਾ ਮਾਲੀਆ ਇਕੱਠਾ ਕੀਤਾ ਗਿਆ।

Leave a Reply

Your email address will not be published. Required fields are marked *