4 ਸਾਲਾ ਬੱਚੇ ਨਾਲ ਬਦਫੈਲੀ ਤੋਂ ਬਾਅਦ ਕਤਲ ਕਰਨ ਵਾਲੇ ਨੂੰ ਉਮਰ ਕੈਦ, 3 ਲੱਖ ਰੁਪਏ ਜੁਰਮਾਨਾ

ਇਕ 4 ਸਾਲਾ ਮਾਸੂਮ ਬੱਚੇ ਨਾਲ ਬਦਫੈਲੀ ਕਰਨ ਤੋਂ ਬਾਅਦ ਉਸ ਦਾ ਕਤਲ ਕਰਨ ਦੇ ਦੋਸ਼ ’ਚ ਵਧੀਕ ਸੈਸ਼ਨ ਜੱਜ ਅਮਰਜੀਤ ਸਿੰਘ ਦੀ ਅਦਾਲਤ ਨੇ ਉਨਾਵ (ਉੱਤਰ ਪ੍ਰਦੇਸ਼) ਦੇ ਨਿਵਾਸੀ ਪੱਪੂ ਸਿੰਘ ਉਰਫ ਫੂਲ ਚੰਦ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮੁਲਜ਼ਮ ਨੂੰ 3 ਲੱਖ ਰੁਪਏ ਜੁਰਮਾਨਾ ਭਰਨ ਦਾ ਵੀ ਹੁਕਮ ਦਿੱਤਾ ਹੈ। ਪੀੜਤ ਬੱਚੇ ਦੇ ਪਿਤਾ ਅਸ਼ੋਕ ਕੁਮਾਰ ਦੀ ਸ਼ਿਕਾਇਤ ’ਤੇ ਪੁਲਸ ਥਾਣਾ ਡਵੀਜ਼ਨ ਨੰ. 6 ਵਿਚ 31 ਅਕਤੂਬਰ 2019 ਨੂੰ ਕੇਸ ਦਰਜ ਕੀਤਾ ਗਿਆ ਸੀ, ਜਿਸ ਤੋਂ ਮੁਤਾਬਕ ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਸੀ ਕਿ ਉਹ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਮੌਜੂਦਾ ਸਮੇਂ ’ਚ ਬਾਬਾ ਮੁਕੰਦ ਸਿੰਘ ਨਗਰ ਵਿਖੇ ਵਿਹੜੇ ’ਚ ਆਪਣੀ ਪਤਨੀ, 9 ਮਹੀਨਿਆਂ ਦੀ ਬੇਟੀ ਤੇ 4 ਸਾਲਾ ਬੇਟੇ ਨਾਲ ਰਹਿੰਦਾ ਹੈ। 31 ਅਕਤੂਬਰ 2019 ਨੂੰ ਜਦੋਂ ਸ਼ਾਮ ਨੂੰ ਉਹ ਆਪਣੇ ਘਰ ਵਾਪਸ ਆਇਆ। ਉਸ ਨੂੰ ਪਤਾ ਲੱਗਾ ਕਿ ਕਾਫੀ ਸਮੇਂ ਤੋਂ ਉਸ ਦਾ ਬੇਟਾ ਲਾਪਤਾ ਹੈ। ਕੁਝ ਦੇਰ ਬਾਅਦ ਉਨ੍ਹਾਂ ਦੇ ਵਿਹੜੇ ’ਚ ਰਹਿਣ ਵਾਲੇ ਹੋਰਨਾਂ ਲੋਕਾਂ ਨੇ ਉਸ ਨੂੰ ਦੱਸਿਆ ਕਿ ਨਾਲ ਦੇ ਕਮਰੇ ’ਚ ਰਹਿਣ ਵਾਲਾ ਪੱਪੂ ਸ਼ਾਮ 4 ਵਜੇ ਤੋਂ ਆਪਣਾ ਕਮਰਾ ਬੰਦ ਕਰ ਕੇ ਕਿਤੇ ਚਲਾ ਗਿਆ ਹੈ।

ਸ਼ੱਕ ਪੈਣ ’ਤੇ ਜਦੋਂ ਤੱਕ ਦੋਸ਼ੀ ਪੱਪੂ ਦੇ ਕਮਰੇ ਦਾ ਜਿੰਦਾ ਤੋੜ ਕੇ ਦੇਖਿਆ ਗਿਆ ਤਾਂ ਸ਼ਿਕਾਇਤਕਰਤਾ ਬੇਟਾ ਲਹੂ-ਲੁਹਾਨ ਹਾਲਤ ’ਚ ਲਾਸ਼ ਪਈ ਸੀ। ਲਾਸ਼ ਦੇਖਣ ਤੋਂ ਬਾਅਦ ਇਹ ਪਤਾ ਲੱਗਾ ਕਿ ਕਿਸੇ ਨੇ ਤੇਜ਼ਧਾਰ ਹਥਿਆਰ (ਆਰੀ) ਨਾਲ ਨਾਬਾਲਗ ਦੀ ਗਰਦਨ ਕੱਟ ਕੇ ਉਸ ਦਾ ਕਤਲ ਕੀਤਾ ਹੋਇਆ ਸੀ। ਉਸ ਦੀ ਲਾਸ਼ ਮਿਲਣ ਤੋਂ ਬਾਅਦ ਇਸ ਸਬੰਧੀ ਸੂਚਨਾ ਪੁਲਸ ਨੂੰ ਦਿੱਤੀ ਗਈ ਅਤੇ ਪੁਲਸ ਨੇ ਕੇਸ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਗੁਪਤ ਸੂਚਨਾਵਾ ਦੇ ਆਧਾਰ ’ਤੇ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਕੇ ਅਦਾਲਤ ’ਚ ਪੇਸ਼ ਕੀਤਾ ਸੀ। ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਅਤੇ ਸਬੂਤਾਂ ਨੂੰ ਦੇਖਣ ਤੋਂ ਬਾਅਦ ਅਦਾਲਤ ਨੇ ਮੁਲਜ਼ਮ ਨੂੰ ਉਕਤ ਸਜ਼ਾ ਸੁਣਾਈ।

Leave a Reply

Your email address will not be published. Required fields are marked *