4 ਸਾਲਾ ਭਤੀਜੀ ਦਾ ਜਿਣਸੀ ਸ਼ੋਸ਼ਣ ਕਰਨ ਵਾਲੇ ਵਿਅਕਤੀ ਨੂੰ 20 ਸਾਲ ਦੀ ਕੈਦ
ਅਰੁਣਾਚਲ ਪ੍ਰਦੇਸ਼ ਦੇ ਪੂਰਬੀ ਸਿਆਂਗ ਜ਼ਿਲ੍ਹੇ ਦੇ ਵਿਸ਼ੇਸ਼ ਜੱਜ (ਪੋਕਸੋ ਐਕਟ) ਤਗੇਂਗ ਪਦੋਹ ਨੇ ਜਿਣਸੀ ਅਪਰਾਧਾਂ ਵਿਰੁੱਧ ਬੱਚਿਆਂ ਦੀ ਸੁਰੱਖਿਆ (ਪੋਕਸੋ ਐਕਟ) ਦੀ ਧਾਰਾ 6 ਦੇ ਅਧੀਨ 20 ਸਾਲ ਦੀ ਕੈਦ ਅਤੇ 10,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਉੱਪਰੀ ਸਿਆਂਗ ਜ਼ਿਲੇ ਦੇ ਮਰਿਯਾਂਗ ਪਿੰਡ ਦੇ ਦੋਸ਼ੀ ਜਾਬ ਮੋਦੀ ਨੂੰ ਆਪਣੀ 4 ਸਾਲ ਦੀ ਭਤੀਜੀ (ਉਸਦੀ ਚਚੇਰੀ ਭੈਣ ਦੀ ਧੀ) ਦੇ ਖ਼ਿਲਾਫ਼ ਗੰਭੀਰ ਜਿਣਸੀ ਸ਼ੋਸ਼ਣ ਦਾ ਦੋਸ਼ੀ ਪਾਇਆ ਗਿਆ ਸੀ। ਪੀੜਤਾ ਦੀ ਮਾਂ ਵੱਲੋਂ 20 ਫਰਵਰੀ 2019 ਨੂੰ ਮਰਿਯਾਂਗ ਪੁਲਸ ਸਟੇਸ਼ਨ ਵਿਚ ਇਕ ਐੱਫ. ਆਈ. ਆਰ. ਦਰਜ ਕਰਵਾਈ ਗਈ ਸੀ।
ਜਿਸ ਵਿਚ ਦੋਸ਼ ਲਾਇਆ ਗਿਆ ਸੀ ਕਿ ਉਸਦੀ 4 ਸਾਲਾ ਧੀ ਦਾ ਜਾਬ ਮੋਦੀ ਵਲੋਂ ਜਿਣਸੀ ਸ਼ੋਸ਼ਣ ਕੀਤਾ ਗਿਆ ਸੀ ਅਤੇ ਬਾਅਦ ਵਿਚ ਦੋਸ਼ੀ ਵਿਰੁੱਧ ਆਈ. ਪੀ. ਸੀ. ਦੀ ਧਾਰਾ 376 ਦੇ ਨਾਲ ਪੋਕਸੋ ਐਕਟ ਦੀ ਧਾਰਾ 6 ਅਧੀਨ ਕੇਸ ਦਰਜ ਕੀਤਾ ਗਿਆ ਸੀ। ਪੁਲਸ ਨੂੰ ਅੱਗੇ ਦੱਸਿਆ ਕਿ ਜਾਬ ਮੋਦੀ ਪਿਛਲੇ 11 ਮਹੀਨਿਆਂ ਤੋਂ ਉਸਦੇ ਘਰ ਰਹਿ ਰਿਹਾ ਸੀ।