77ਵੇਂ ਆਜ਼ਾਦੀ ਦਿਹਾੜੇ ਲਈ ਤਿਆਰੀਆਂ ਪੂਰੀਆਂ, ਪ੍ਰਧਾਨ ਮੰਤਰੀ ਲਾਲ ਕਿਲੇ ਤੋਂ ਸਮਾਰੋਹ ਦੀ ਅਗਵਾਈ ਕਰਨਗੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਅਗਸਤ ਨੂੰ ਦਿੱਲੀ ਦੇ ਇਤਿਹਾਸਕ ਲਾਲ ਕਿਲੇ ਤੋਂ 77ਵੇਂ ਆਜ਼ਾਦੀ ਦਿਹਾੜੇ ਦੇ ਸਮਾਰੋਹ ’ਚ ਦੇਸ਼ ਦੀ ਅਗਵਾਈ ਕਰਨਗੇ। ਰੱਖਿਆ ਮੰਤਰਾਲਾ ਨੇ ਐਤਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਲਾਲ ਕਿਲੇ ’ਤੇ ਸਮਾਰੋਹ ਦਾ ਹਿੱਸਾ ਬਣਨ ਲਈ ਪੂਰੇ ਦੇਸ਼ ’ਚੋਂ ਵੱਖ-ਵੱਖ ਪੇਸ਼ਿਆਂ ਨਾਲ ਜੁੜੇ 1,800 ਲੋਕਾਂ ਨੂੰ ਉਨ੍ਹਾਂ ਦੇ ਜੀਵਨਸਾਥੀ ਨਾਲ ‘ਵਿਸ਼ੇਸ਼ ਮਹਿਮਾਨ’ ਦੇ ਰੂਪ ’ਚ ਸੱਦਾ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਰਾਸ਼ਟਰੀ ਝੰਡਾ ਲਹਿਰਾਉਣਗੇ ਅਤੇ ਇਸ ਇਤਿਹਾਸਕ ਯਾਦਗਾਰ ਦੀ ਫਸੀਲ ਤੋਂ ਰਾਸ਼ਟਰ ਨੂੰ ਸੰਬੋਧਨ ਕਰਨਗੇ। ਬਿਆਨ ’ਚ ਕਿਹਾ ਗਿਆ ਕਿ ਇਸ ਸਾਲ ਦੇ ਆਜ਼ਾਦੀ ਦਿਹਾੜੇ ’ਤੇ ‘ਆਜ਼ਾਦੀ ਕਾ ਅਮ੍ਰਿਤ ਮਹਾਉਤਸਵ’ ਸਮਾਰੋਹ ਦੀ ਸਮਾਪਤੀ ਹੋਵੇਗੀ ਅਤੇ 2047 ਤੱਕ ਭਾਰਤ ਨੂੰ ਇਕ ਵਿਕਸਿਤ ਦੇਸ਼ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਦੇਸ਼ ਨਵੇਂ ਉਤਸ਼ਾਹ ਦੇ ਨਾਲ ‘ਅਮ੍ਰਿਤ ਕਾਲ’ ’ਚ ਪ੍ਰਵੇਸ਼ ਕਰੇਗਾ।

ਬਿਆਨ ’ਚ ਕਿਹਾ ਗਿਆ ਕਿ ਵਿਸ਼ੇਸ਼ ਮਹਿਮਾਨਾਂ ’ਚ 660 ਤੋਂ ਜ਼ਿਆਦਾ ‘ਵਾਈਬ੍ਰੇਂਟ ਵਿਲੇਜ’ ਦੇ 400 ਤੋਂ ਵੱਧ ਸਰਪੰਚ, ਕਿਸਾਨ ਉਤਪਾਦਕ ਸੰਗਠਨ ਯੋਜਨਾ ਨਾਲ ਜੁਡ਼ੇ 250 ਲੋਕ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਅਤੇ ਪ੍ਰਧਾਨ ਮੰਤਰੀ ਹੁਨਰ ਵਿਕਾਸ ਯੋਜਨਾ ਦੇ 50-50 ਪ੍ਰਤੀਭਾਗੀ, ਨਵੇਂ ਸੰਸਦ ਭਵਨ ਸਮੇਤ ਸੈਂਟਰਲ ਵਿਸਟਾ ਪ੍ਰਾਜੈਕਟ ਨਾਲ ਜੁਡ਼ੇ 50 ਸ਼ਰਮਯੋਗੀ (ਉਸਾਰੀ ਮਜ਼ਦੂਰ) ਸ਼ਾਮਲ ਹਨ। ਇਸ ’ਚ ਕਿਹਾ ਗਿਆ ਹੈ ਕਿ ਇਸ ਤੋਂ ਇਲਾਵਾ ਖਾਦੀ ਵਰਕਰ, ਸਰਹੱਦ ’ਤੇ ਸਥਿਤ ਸੜਕਾਂ ਦੇ ਨਿਰਮਾਣ, ਅਮ੍ਰਿਤ ਸਰੋਵਰ ਅਤੇ ਹਰ ਘਰ ਜਲ ਯੋਜਨਾ ਨਾਲ ਜੁਡ਼ੇ ਲੋਕਾਂ ਦੇ ਨਾਲ-ਨਾਲ ਪ੍ਰਾਇਮਰੀ ਸਕੂਲਾਂ ਦੇ ਅਧਿਆਪਕ, ਨਰਸਾਂ ਅਤੇ ਮਛੇਰੇ ਵੀ ਸ਼ਾਮਲ ਹਨ। ਬਿਆਨ ਮੁਤਾਬਕ, ਪ੍ਰਧਾਨ ਮੰਤਰੀ ਦੇ ਭਾਸ਼ਣ ਦੀ ਸਮਾਪਤੀ ’ਤੇ ਰਾਸ਼ਟਰੀ ਕੈਡੇਟ ਕੋਰ (ਐੱਨ. ਸੀ. ਸੀ.) ਦੇ ਕੈਡੇਟਸ ਰਾਸ਼ਟਰਗਾਨ ਗਾਉਣਗੇ। ਪੂਰੇ ਦੇਸ਼ ਦੇ ਵੱਖ-ਵੱਖ ਸਕੂਲਾਂ ਦੇ 110 ਲੜਕੇ ਅਤੇ ਲੜਕੀਆਂ ਐੱਨ. ਸੀ. ਸੀ. ਕੈਡੇਟਸ (ਜ਼ਮੀਨੀ ਫੌਜ, ਸਮੁੰਦਰੀ ਫੌਜ ਅਤੇ ਹਵਾਈ ਫੌਜ) ਹਿੱਸਾ ਲੈਣਗੇ। ਗਿਆਨਪਥ ’ਤੇ ਸੀਟਾਂ ਲਾਈਆਂ ਗਈਆਂ ਹਨ, ਜਿਨ੍ਹਾਂ ’ਤੇ ਕੈਡੇਟਸ ਅਧਿਕਾਰਕ ਚਿੱਟੀ ਡ੍ਰੈੱਸ ’ਚ ਬੈਠਣਗੇ। ਇਕ ਹੋਰ ਆਕਰਸ਼ਣ ਜੀ-20 ਪ੍ਰਤੀਕ ਚਿੰਨ੍ਹ ਹੋਵੇਗਾ, ਜੋ ਲਾਲ ਕਿਲੇ ’ਤੇ ਫੁੱਲਾਂ ਦੀ ਸਜਾਵਟ ਦਾ ਹਿੱਸਾ ਹੋਵੇਗਾ।

Leave a Reply

Your email address will not be published. Required fields are marked *