ਆਸਟ੍ਰੇਲੀਆ : ਔਰਤ ਦੇ ਦਿਮਾਗ ’ਚੋਂ ਕੱਢਿਆ 8 ਇੰਚ ਲੰਬਾ ਜ਼ਿੰਦਾ ਕੀੜਾ

ਆਸਟ੍ਰੇਲੀਆ ਦੇ ਇੱਕ ਹਸਪਤਾਲ ’ਚ ਅਜੀਬ ਲੱਛਣਾਂ ਵਾਲੀ ਇੱਕ ਔਰਤ ਦੀ ਜਾਂਚ ਕਰ ਰਹੀ ਨਿਊਰੋਸਰਜਨ ਉਸ ਦੇ ਦਿਮਾਗ ’ਚ ਇੱਕ ਜ਼ਿੰਦਾ ਕੀੜਾ ਘੁੰਮਦਾ ਦੇਖ ਕੇ ਹੈਰਾਨ ਰਹਿ ਗਈ। ਸਰਜਨ ਹਰੀ ਪ੍ਰਿਆ ਬੰਦੀ ਪਿਛਲੇ ਸਾਲ ਕੈਨਬਰਾ ਦੇ ਇੱਕ ਹਸਪਤਾਲ ’ਚ ਇੱਕ 64 ਸਾਲਾ ਔਰਤ ਮਰੀਜ਼ ਦੀ ਦਿਮਾਗੀ ਬਾਇਓਪਸੀ ਕਰ ਰਹੀ ਸੀ, ਜਦੋਂ ਉਸਨੇ 8 ਸੈਂਟੀਮੀਟਰ ਲੰਬੇ ਕੀੜੇ ਨੂੰ ਹਟਾਉਣ ਲਈ ਚਿਮਟੀ ਦੀ ਵਰਤੋਂ ਕੀਤੀ। ‘ਕੈਨਬਰਾ ਟਾਈਮਜ਼’ ਅਖਬਾਰ ਨੇ ਮੰਗਲਵਾਰ ਨੂੰ ਬੰਦੀ ਦੇ ਹਵਾਲੇ ਨਾਲ ਕਿਹਾ, ‘‘ਮੈਂ ਸੋਚਿਆ ਕਿ ਇਹ ਕੀ ਚੀਜ਼ ਹੈ? ਇਹ ਜ਼ਿੰਦਾ ਅਤੇ ਹਿੱਲਣ ਵਾਲੀ ਚੀਜ਼ ਹੈ।” ਇਹ ਕੀੜਾ ਓਫੀਡੇਸਕੈਰਿਸ ਰੌਬਰਟਸੀ ਦਾ ਲਾਰਵਾ ਸੀ। ਇਹ ਇੱਕ ਆਸਟ੍ਰੇਲੀਆਈ ਗੋਲ ਕੀੜਾ ਹੈ, ਜੋ ਪਹਿਲਾਂ ਮਨੁੱਖੀ ਪਰਜੀਵੀ ਵਜੋਂ ਨਹੀਂ ਜਾਣਿਆ ਜਾਂਦਾ ਸੀ। ਇਹ ਕੀੜਾ ਆਮ ਤੌਰ ’ਤੇ ਸੱਪ ਪ੍ਰਜਾਤੀ ਦੇ ਕਾਰਪੇਟ ਪਾਈਥਨ ਵਿੱਚ ਪਾਇਆ ਜਾਂਦਾ ਹੈ।

ਬੰਦੀ ਅਤੇ ਕੈਨਬਰਾ ’ਚ ਛੂਤ ਦੀਆਂ ਬਿਮਾਰੀਆਂ ਦੇ ਮਾਹਿਰ ਸੰਜੇ ਸੇਨਾਨਾਇਕੇ ਨੇ ਇਸ ਅਸਾਧਾਰਣ ਕੇਸ ਬਾਰੇ ਮੈਗਜ਼ੀਨ ‘ਇਮਰਜਿੰਗ ਇਨਫੈਕਟੀਅਸ ਡਿਸੀਜ਼ਜ਼’ ਦੇ ਤਾਜ਼ਾ ਅੰਕ ਵਿੱਚ ਇਸ ਬਾਰੇ ਇੱਕ ਲੇਖ ਵਿੱਚ ਜਾਣਕਾਰੀ ਦਿੱਤੀ ਹੈ। ਸੇਨਾਨਾਇਕੇ ਨੇ ਕਿਹਾ ਕਿ ਉਹ ਪਿਛਲੇ ਸਾਲ ਜੂਨ ਵਿੱਚ ਹਸਪਤਾਲ ਵਿੱਚ ਡਿਊਟੀ ’ਤੇ ਸੀ ਜਦੋਂ ਇੱਕ ਮਹਿਲਾ ਮਰੀਜ਼ ਦੇ ਦਿਮਾਗ ਵਿੱਚ ਕੀੜਾ ਪਾਇਆ ਗਿਆ ਸੀ। ਉਸ ਨੇ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪ ਨੂੰ ਦੱਸਿਆ, ‘ਮੈਨੂੰ ਫੋਨ ਆਇਆ ਕਿ ਇਨਫੈਕਸ਼ਨ ਦੀ ਸਮੱਸਿਆ ਵਾਲਾ ਮਰੀਜ਼ ਹਸਪਤਾਲ ਵਿੱਚ ਦਾਖਲ ਹੈ। ਉਸਦੇ ਦਿਮਾਗ ਵਿੱਚੋਂ ਇੱਕ ਜ਼ਿੰਦਾ ਕੀੜਾ ਕੱਢ ਦਿੱਤਾ ਗਿਆ ਹੈ।” ਔਰਤ ਨੂੰ ਯਾਦਦਾਸ਼ਤ ਘੱਟ ਹੋਣ ਅਤੇ ਡਿਪਰੈਸ਼ਨ ਵਰਗੇ ਲੱਛਣਾਂ ਦੇ ਤਿੰਨ ਮਹੀਨਿਆਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਸੇਨਾਨਾਇਕੇ ਨੇ ਕਿਹਾ ਕਿ ਪਹਿਲਾਂ ਔਰਤ ਨੂੰ ਪੇਟ ਵਿੱਚ ਦਰਦ, ਦਸਤ, ਸੁੱਕੀ ਖੰਘ ਅਤੇ ਰਾਤ ਨੂੰ ਪਸੀਨਾ ਆਉਣ ਵਰਗੇ ਲੱਛਣਾਂ ਤੋਂ ਬਾਅਦ ਇੱਕ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।

Leave a Reply

Your email address will not be published. Required fields are marked *