ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਦਾ 127 ਸਾਲ ਦੀ ਉਮਰ ’ਚ ਦਿਹਾਂਤ, 4 ਸਾਲ ਪਹਿਲਾਂ ਤੱਕ ਕਰਦੇ ਸਨ ਘੋੜਸਵਾਰੀ

ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਕਹੇ ਜਾਣ ਵਾਲੇ ਬ੍ਰਾਜ਼ੀਲ ਦੇ ਸੁਪਰਸੈਂਟੇਨੇਰੀਅਨ ਜੋਸ ਪਾਲਿਨੋ ਗੋਮਸ ਦਾ 28 ਜੁਲਾਈ ਨੂੰ 127 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ। ਉਨ੍ਹਾਂ ਦਾ ਦਿਹਾਂਤ ਉਨ੍ਹਾਂ ਦੇ ਜਨਮ ਦਿਨ ਤੋਂ ਸਿਰਫ 7 ਦਿਨ ਪਹਿਲਾਂ ਹੋਇਆ। ਬ੍ਰਾਜ਼ੀਲ ਦੇ ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਕ ਜੋਸ ਪਾਲਿਨੋ ਗੋਮਸ ਦਾ ਦਿਹਾਂਤ ਕੋਰੇਗੋ ਡੇਲ ਕੈਫੇ ’ਚ ਉਨ੍ਹਾਂ ਦੇ ਘਰ ਵਿਚ ਹੋਇਆ। ਉਹ 4 ਸਾਲ ਪਹਿਲਾਂ ਤੱਕ ਘੋੜਿਆਂ ਦੀ ਸਵਾਰੀ ਕਰਦੇ ਸਨ। ਉਹ 7 ਬੱਚੇ, 25 ਪੋਤਰੇ-ਪੋਤਰੀਆਂ, 42 ਪੜਪੋਤਰੇ ਅਤੇ ਉਨ੍ਹਾਂ ਦੇ 11 ਬੱਚਿਆਂ ਨੂੰ ਆਪਣੇ ਪਿੱਛੇ ਛੱਡ ਗਏ ਹਨ।

ਪਰਿਵਾਰ ਨੇ ਦੱਸਿਆ ਕਿ ਜੋਸ ਦੇ ਸਰੀਰ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ, ਜਿਸ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ। 29 ਜੁਲਾਈ ਨੂੰ ਉਨ੍ਹਾਂ ਨੂੰ ਪੈਡ੍ਰਾ ਬੋਨਿਤਾ ’ਚ ਕੋਰੇਗੋ ਡਾਸ ਫਿਯਾਲਹੋਸ ਕਬਰਸਤਾਨ ’ਚ ਦਫਨਾਇਆ ਗਿਆ ਜਿੱਥੇ ਉਨ੍ਹਾਂ ਦੀ ਯਾਦ ਨੂੰ ਹਮੇਸ਼ਾ ਸੰਜੋ ਕੇ ਰੱਖਿਆ ਜਾਵੇਗਾ।

ਗੋਮਸ ਪਸ਼ੂਆਂ ਨੂੰ ਵੱਸ ਵਿਚ ਕਰਨ ਦਾ ਕੰਮ ਕਰਦੇ ਸਨ। ਉਨ੍ਹਾਂ ਆਪਣਾ ਅਕਸ ਨਿਮਰ ਤੇ ਸਰਲ ਵਿਅਕਤੀ ਦਾ ਬਣਾਇਆ। ਉਹ ਕੁਦਰਤੀ ਢੰਗ ਨਾਲ ਜੀਵਨ ਜਿਊਂਦੇ ਸਨ। ਉਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਉਦਯੋਗਿਕ ਉਤਪਾਦਾਂ ਤੋਂ ਦੂਰ ਰਹਿੰਦੇ ਸਨ ਅਤੇ ਪੇਂਡੂ ਇਲਾਕਿਆਂ ਦੀਆਂ ਚੀਜ਼ਾਂ ਪਸੰਦ ਕਰਦੇ ਸਨ। ਉਨ੍ਹਾਂ ਦੇ ਭੋਜਨ ਵਿਚ ਸਥਾਨਕ ਪੱਧਰ ’ਤੇ ਉਗਾਇਆ ਗਿਆ ਭੋਜਨ ਸ਼ਾਮਲ ਸੀ ਅਤੇ ਉਹ ਕਦੇ-ਕਦੇ ਡ੍ਰਿੰਕ ਲੈਂਦੇ ਸਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੈਡ੍ਰਾ ਬੋਨਿਤਾ ਦੇ ਰਜਿਸਟਰੀ ਦਫਤਰ ਤੋਂ ਗੋਮਸ ਦਾ ਮੈਰਿਜ ਸਰਟੀਫਿਕੇਟ ਮਿਲਿਆ ਹੈ।

1917 ਦੇ ਮੈਰਿਜ ਸਰਟੀਫਿਕੇਟ ਅਨੁਸਾਰ ਗੋਮਸ ਦਾ ਜਨਮ 4 ਅਗਸਤ 1895 ਨੂੰ ਹੋਇਆ ਸੀ। ਜੇ ਉਨ੍ਹਾਂ ਦੀ ਉਮਰ ਬਾਰੇ ਇਹ ਦਾਅਵਾ ਅਸਲ ’ਚ ਸਟੀਕ ਹੈ ਤਾਂ ਉਹ ਦੋਵਾਂ ਵਿਸ਼ਵ ਜੰਗਾਂ ਅਤੇ 3 ਵੈਸ਼ਵਿਕ ਮਹਾਮਾਰੀਆਂ ਦੀਆਂ ਘਟਨਾਵਾਂ ਵਿਚੋਂ ਲੰਘੇ ਸਨ।

Leave a Reply

Your email address will not be published. Required fields are marked *