ਨੂਹ ਹਿੰਸਾ ‘ਤੇ CM ਖੱਟੜ ਦਾ ਵੱਡਾ ਬਿਆਨ- ਪੁਲਸ ਹਰ ਕਿਸੇ ਦੀ ਸੁਰੱਖਿਆ ਨਹੀਂ ਕਰ ਸਕਦੀ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਨੂਹ ਹਿੰਸਾ ਨੂੰ ਲੈ ਕੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਦੀ ਸੁਰੱਖਿਆ ਪੁਲਸ ਨਹੀਂ ਕਰ ਸਕਦੀ। ਅਸੀਂ ਹਰ ਕਿਸੇ ਦੀ ਸੁਰੱਖਿਆ ਨਹੀਂ ਕਰ ਸਕਦੇ। ਆਪਣੀ ਗੱਲ ਨੂੰ ਸਪੱਸ਼ਟ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੀ ਆਬਾਦੀ 130 ਕਰੋੜ ਹੈ, ਜਿਸ ‘ਚੋਂ 2.7 ਕਰੋੜ ਹਰਿਆਣਾ ਦੀ ਹੈ, ਜਦਕਿ ਪੁਲਸ ਮੁਲਾਜ਼ਮ 60 ਲੱਖ ਦੇ ਕਰੀਬ ਹਨ ਤਾਂ ਅਜਿਹੇ ‘ਚ ਹਰ ਕਿਸੇ ਦੀ ਸੁਰੱਖਿਆ ਕਿਵੇਂ ਹੋਵੇਗੀ। ਮੁੱਖ ਮੰਤਰੀ ਖੱਟੜ ਨੇ ਕਿਹਾ ਕਿ ਸੂਬੇ ‘ਚ ਭੜਕੀ ਹਿੰਸਾ ‘ਚ 2 ਹੋਮ ਗਾਰਡਾਂ ਸਮੇਤ 6 ਲੋਕ ਮਾਰੇ ਗਏ। ਇਨ੍ਹਾਂ ਮਾਮਲਿਆਂ ‘ਚ 116 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨੂਹ ‘ਚ ਹਿੰਸਾ ਮਗਰੋਂ ਹੋਰ ਥਾਵਾਂ ‘ਤੇ ਹੋਈਆਂ ਹਿੰਸਾ ਦੀਆਂ ਘਟਨਾਵਾਂ ‘ਤੇ ਕਾਬੂ ਪਾ ਲਿਆ ਗਿਆ ਹੈ ਅਤੇ ਸਥਿਤੀ ਹੁਣ ਆਮ ਹੈ। ਕਈ ਜ਼ਖ਼ਮੀਆਂ ਨੂੰ ਨਲਹੜ ਅਤੇ ਆਲੇ-ਦੁਆਲੇ ਦੇ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਕੇਂਦਰੀ ਬਲਾਂ ਦੀਆਂ 20 ਟੁੱਕੜੀਆਂ ਨੂੰ ਤਾਇਨਾਤ ਕੀਤਾ ਗਿਆ ਹੈ, ਉਨ੍ਹਾਂ ‘ਚ 14 ਨੂੰ ਨੂਹ ‘ਚ, 3 ਨੂੰ ਪਲਵਲ, 2 ਨੂੰ ਗੁਰੂਗ੍ਰਾਮ ਅਤੇ ਇਕ ਟੁਕੜੀ ਨੂੰ ਫਰੀਦਾਬਾਦ ਵਿਚ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 116 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਜਿਨ੍ਹਾਂ ‘ਚੋਂ 90 ਤੋਂ ਵੱਧ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਮੁੱਖ ਮੰਤਰੀ ਨੇ ਮੋਨੂੰ ਮਾਨੇਸਰ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕਿਹਾ ਕਿ ਸਾਡੇ ਕੋਲ ਉਸ ਨੂੰ ਲੈ ਕੇ ਇਨਪੁਟ ਨਹੀਂ ਹਨ। ਅਸੀਂ ਰਾਜਸਥਾਨ ਸਰਕਾਰ ਦੀ ਮਦਦ ਕਰ ਰਹੇ ਹਾਂ। ਮੋਨੂੰ ਖ਼ਿਲਾਫ ਪਿਛਲਾ ਕੇਸ ਰਾਜਸਥਾਨ ਸਰਕਾਰ ਨੇ ਕੀਤਾ ਸੀ। ਮੈਂ ਰਾਜਸਥਾਨ ਸਰਕਾਰ ਨੂੰ ਕਿਹਾ ਹੈ ਕਿ ਜਿਸ ਤਰ੍ਹਾਂ ਦੀ ਮਦਦ ਤੁਹਾਨੂੰ ਲੱਭਣ ਵਿਚ ਚਾਹੀਦੀ ਹੈ, ਅਸੀਂ ਮਦਦ ਕਰਾਂਗੇ। ਅਸੀਂ ਮਦਦ ਲਈ ਤਿਆਰ ਹਾਂ। ਦਰਅਸਲ ਮੋਨੂੰ ਮਾਨੇਸਰ ਨੇ ਵੀਡੀਓ ਜਾਰੀ ਕਰ ਕੇ ਨੂਹ ‘ਚ ਬ੍ਰਿਜ ਮੰਡਲ ਜਲਾਭਿਸ਼ੇਕ ਯਾਤਰਾ ‘ਚ ਸ਼ਾਮਲ ਹੋਣ ਦੀ ਗੱਲ ਕਹਿੰਦੇ ਹੋਏ ਵੱਧ ਤੋਂ ਵੱਧ ਲੋਕਾਂ ਨੂੰ ਇਸ ‘ਚ ਆਉਣ ਦੀ ਅਪੀਲ ਕੀਤੀ ਸੀ। ਮੋਨੂੰ ‘ਤੇ ਰਾਜਸਥਾਨ ਪੁਲਸ ਨੇ ਨਾਸਿਰ ਅਤੇ ਜੁਨੈਦ ਦੇ ਕਤਲ ਮਾਮਲੇ ਵਿਚ ਮੁਕੱਦਮਾ ਦਰਜ ਕੀਤਾ ਸੀ।

Leave a Reply

Your email address will not be published. Required fields are marked *