ਇਮਰਾਨ ਖਾਨ ਨੇ ਭ੍ਰਿਸ਼ਟਾਚਾਰ ਮਾਮਲੇ ’ਚ ਆਪਣੀ ਦੋਸ਼ਸਿੱਧੀ ਨੂੰ ਦਿੱਤੀ ਚੁਣੌਤੀ, ਜੇਲ ਤੋਂ ਰਿਹਾਈ ਦੀ ਕੀਤੀ ਬੇਨਤੀ

ਜੇਲ੍ਹ ’ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ ’ਚ ਉਨ੍ਹਾਂ ਨੂੰ ਦੋਸ਼ੀ ਠਹਿਰਾਏ ਜਾਣ ਦੇ ਇਕ ਹੇਠਲੀ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਇਕ ਪੱਖਪਾਤਪੂਰਨ ਜੱਜ ਦਾ ਫੈਸਲਾ ਉਚਿਤ ਪ੍ਰਕਿਰਿਆ ਅਤੇ ਨਿਰਪੱਖ ਸੁਣਵਾਈ ਦੇ ਚਿਹਰੇ ’ਤੇ ਥੱਪੜ ਅਤੇ ਨਿਆਂ ਦਾ ਘੋਰ ਮਜ਼ਾਕ ਹੈ। ਇਸਲਾਮਾਬਾਦ ਦੀ ਇਕ ਅਦਾਲਤ ਵਲੋਂ ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ ’ਚ ਖਾਨ (70) ਨੂੰ ਭ੍ਰਿਸ਼ਟਾਚਾਰ ਦਾ ਦੋਸ਼ੀ ਠਹਿਰਾਏ ਜਾਣ ਦੇ ਤੁਰੰਤ ਬਾਅਦ ਸ਼ਨੀਵਾਰ ਨੂੰ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਅਦਾਲਤ ਨੇ ਖਾਨ ਨੂੰ 3 ਸਾਲ ਜੇਲ ਦੀ ਸਜ਼ਾ ਸੁਣਾਈ ਹੈ। ਉਹ ਇਸ ਸਮੇਂ ਅਟਕ ਜੇਲ੍ਹ ’ਚ ਹਨ। ਖਾਨ ਨੇ ਆਪਣੇ ਵਕੀਲਾਂ ਖਵਾਜਾ ਹਾਰਿਸ ਅਤੇ ਗੌਹਰ ਖਾਨ ਰਾਹੀਂ ਇਸਲਾਮਾਬਾਦ ਹਾਈ ਕੋਰਟ ’ਚ ਪਟੀਸ਼ਨ ਦਾਇਰ ਕਰ ਕੇ ਆਪਣੀ ਦੋਸ਼ਸਿੱਧੀ ਅਤੇ 3 ਸਾਲ ਜੇਲ੍ਹ ਦੀ ਸਜ਼ਾ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ। ਉਨ੍ਹਾਂ ਕਿਹਾ ਕਿ ਹੇਠਲੀ ਅਦਾਲਤ ਦਾ ਫੈਸਲਾ ਮਾਮਲੇ ਦੇ ਗੁਣ-ਦੋਸ਼ ਦੀ ਬਜਾਏ ਪੱਖਪਾਤੀ ਸੋਚ ’ਤੇ ਆਧਾਰਿਤ ਹੈ ਕਿਉਂਕਿ ਪਟੀਸ਼ਨਕਰਤਾ ਦੇ ਵਕੀਲ ਨੂੰ ਦਲੀਲਾਂ ਪੇਸ਼ ਕਰਨ ਦਾ ਅਧਿਕਾਰ ਨਹੀਂ ਦਿੱਤਾ ਗਿਆ।

ਖਾਨ ਦੀ ਪਟੀਸ਼ਨ ’ਚ ਕਿਹਾ ਗਿਆ ਹੈ ਕਿ ਹੇਠਲੀ ਅਦਾਲਤ ਦੇ ਜੱਜ ਵਲੋਂ ਪਾਸ ਫੈਸਲਾ ਪੱਖਪਾਤਪੂਰਨ ਹੋਣ ਦੇ ਨਾਲ-ਨਾਲ ਕਾਨੂੰਨ ਦੀ ਨਜ਼ਰ ’ਚ ਗੈਰ-ਮੰਨਣਯੋਗ ਅਤੇ ਰੱਦ ਕੀਤੇ ਜਾਣ ਯੋਗ ਹੈ। ਪਟੀਸ਼ਨ ’ਚ ਦੋਸ਼ ਲਾਇਆ ਗਿਆ ਹੈ ਕਿ ਸੁਣਵਾਈ ਦੇ ਅਖੀਰ ’ਚ ਦਿੱਤਾ ਗਿਆ ਫੈਸਲਾ ਪਹਿਲਾਂ ਤੋਂ ਤਿਆਰ ਕਰ ਲਿਆ ਗਿਆ ਸੀ ਅਤੇ ਲਿਖ ਲਿਆ ਸੀ ਅਤੇ ਇਸੇ ਲਈ ਸੰਖੇਪ ਹੁਕਮ ਰਾਹੀਂ ਫੈਸਲੇ ਦਾ ਐਲਾਨ ਕਰਨ ਦੇ 30 ਮਿੰਟਾਂ ਅੰਦਰ 35 ਪੰਨਿਆਂ ਦਾ ਫੈਸਲਾ ਜਾਰੀ ਕੀਤਾ ਗਿਆ। ਪਟੀਸ਼ਨ ’ਚ ਇਸਲਾਮਾਬਾਦ ਦੇ ਜ਼ਿਲ੍ਹਾ ਚੋਣ ਕਮਿਸ਼ਨਰ ਨੂੰ ਮਾਮਲੇ ’ਚ ਪ੍ਰਤੀਵਾਦੀ ਨਾਮਜ਼ਦ ਕੀਤਾ ਗਿਆ ਹੈ।

ਇਮਰਾਨ ਨੂੰ ਮੱਖੀਆਂ, ਖਟਮਲ ਨਾਲ ਭਰੀ ਕੋਠੜੀ ’ਚ ਰੱਖਿਆ ਗਿਆ : ਮੀਡੀਆ ਰਿਪੋਰਟ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ਅਤੇ ਗ੍ਰਿਫਤਾਰ ਕਰਨ ਤੋਂ ਬਾਅਦ ਉੱਚ ਸੁਰੱਖਿਆ ਵਾਲੀ ਅਟਕ ਜੇਲ ਦੀ ਜਿਸ ਕੋਠੜੀ ’ਚ ਰੱਖਿਆ ਗਿਆ ਹੈ, ਉਹ ਮੱਖੀਆਂ ਅਤੇ ਖਟਮਲ ਨਾਲ ਭਰੀ ਹੋਈ ਹੈ ਅਤੇ ਉਸ ’ਚ ਟਾਇਲੈੱਟ ਵੀ ਖੁੱਲ੍ਹੇ ਵਿਚ ਬਣਾਇਆ ਹੋਇਆ ਹੈ।

Leave a Reply

Your email address will not be published. Required fields are marked *