ਬਾਲੀਵੁੱਡ ਗਾਇਕ ਮੀਕਾ ਸਿੰਘ ਨੂੰ ਨਹੀਂ ਮਿਲਿਆ ਆਸਟ੍ਰੇਲੀਆ ਦਾ ਵੀਜ਼ਾ, ਲਾਈਵ ਕੰਸਰਟ ਰੱਦ

ਆਪਣੀ ਗਾਇਕੀ ਨਾਲ ਮਿਊਜ਼ਿਕ ਇੰਡਸਟਰੀ ’ਚ ਸ਼ੌਹਰਤ ਦਾ ਉੱਚਾ ਮੁਕਾਮ ਹਾਸਲ ਕਰਨ ਵਾਲੇ ਮੀਕਾ ਸਿੰਘ ਦੀ ਵੀਜ਼ਾ ਅਰਜ਼ੀ ਆਸਟ੍ਰੇਲੀਆਈ ਇਮੀਗ੍ਰੇਸ਼ਨ ਨੇ ਰੱਦ ਕਰ ਦਿੱਤੀ ਹੈ, ਜਿਸ ਨਾਲ ਉਨ੍ਹਾਂ ਦੇ ਆਸਟ੍ਰੇਲੀਆ ’ਚ ਦਾਖ਼ਲ ਹੋਣ ਨੂੰ ਲੈ ਕੇ ਰੋਕ ਲੱਗ ਗਈ ਹੈ। ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਮਿਲੀ ਕਿ ਮੀਕਾ ਸਿੰਘ, ਜਿਨ੍ਹਾਂ ਦੇ ਇਸੇ ਮਹੀਨੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਵੱਖ-ਵੱਖ ਸ਼ਹਿਰਾਂ ਵਿਚ ਲਾਈਵ ਕੰਸਰਟ ਹੋਣ ਵਾਲੇ ਸਨ, ਉਨ੍ਹਾਂ ਦੇ ਸਾਰੇ ਪ੍ਰੋਗਰਾਮਾਂ ਨੂੰ ਫੌਰੀ ਪ੍ਰਭਾਵ ਨਾਲ ਸ਼ੋਅ ਆਯੋਜਕਾਂ ਨੂੰ ਰੱਦ ਕਰਨਾ ਪੈ ਰਿਹਾ ਹੈ।

ਇਹ ਜਾਣਕਾਰੀ ਵੀ ਮਿਲੀ ਹੈ ਕਿ ਆਸਟ੍ਰੇਲੀਆ ਦੇ ਸਾਰੇ ਸ਼ੋਅ ਆਯੋਜਕ ਮਿਲ ਕੇ ਸਿਆਸੀ ਦਬਾਅ ਪੁਆ ਕੇ ਇਸ ਪੌਪ ਸਟਾਰ ਨੂੰ ਵੀਜ਼ਾ ਦਿਵਾਉਣ ਦੇ ਜੁਗਾੜ ’ਚ ਲੱਗ ਗਏ ਸਨ ਪਰ ਅੱਡੀ-ਚੋਟੀ ਦਾ ਜ਼ੋਰ ਲਾਉਣ ਦੇ ਬਾਵਜੂਦ ਅਧਿਕਾਰੀਆਂ ਅਤੇ ਮੰਤਰੀਆਂ ਨੇ ਕਾਨੂੰਨ ਦੇ ਦਾਇਰੇ ਵਿਚੋਂ ਬਾਹਰ ਜਾ ਕੇ ਕੋਈ ਵੀ ਮਦਦ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਆਯੋਜਕਾਂ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਭਾਰੀ ਮਨ ਨਾਲ ਸਾਰੇ ਪ੍ਰੋਗਰਾਮ ਟਾਲਣ ਦੀ ਜਾਣਕਾਰੀ ਦੇਣੀ ਪਈ। ਲਗਭਗ ਸਾਰੇ ਸ਼ੋਅ ਦੀਆਂ ਵਧੇਰੇ ਟਿਕਟਾਂ ਵਿਕ ਚੁੱਕੀਆਂ ਹਨ ਅਤੇ ਲੱਖਾਂ-ਕਰੋੜਾਂ ਡਾਲਰ ਆਯੋਜਨ ਵਿਚ ਲੱਗ ਚੁੱਕੇ ਹਨ। ਨਿਯਮ ਮੁਤਾਬਕ ਸਾਰੇ ਟਿਕਟ ਧਾਰਕਾਂ ਨੂੰ ਉਨ੍ਹਾਂ ਦੀ ਰਾਸ਼ੀ ਵਾਪਸ ਕਰਨੀ ਪਵੇਗੀ, ਜਿਸ ਨਾਲ ਆਯੋਜਕਾਂ ਨੂੰ ਕਰੋੜਾ ਦਾ ਚੂਨਾ ਲੱਗਾ ਹੈ।

Leave a Reply

Your email address will not be published. Required fields are marked *