ਬੇਭਰੋਸਗੀ ਮਤੇ ਨੂੰ ਲੈ ਕੇ ਸੱਤਾ ਧਿਰ-ਵਿਰੋਧੀ ਧਿਰ ’ਚ ਤਿੱਖੀ ਨੋਕ-ਝੋਕ

ਸੰਸਦ ਦੇ ਮਾਨਸੂਨ ਅਜਲਾਸ ’ਚ ਬੇਭਰੋਸਗੀ ਮਤੇ ਦੌਰਾਨ ਦੂਜੇ ਦਿਨ ਦੀ ਬਹਿਸ ਰਾਹੁਲ ਗਾਂਧੀ ਦੀ ਸਪੀਚ ਨਾਲ ਸ਼ੁਰੂ ਹੋਈ। ਰਾਹੁਲ ਗਾਂਧੀ ਨੇ ਆਪਣੇ 35 ਮਿੰਟਾਂ ਦੇ ਭਾਸ਼ਣ ’ਚ ਭਾਜਪਾ ਨੂੰ ਰਾਸ਼ਟਰ ਵਿਰੋਧੀ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਮਣੀਪੁਰ ਨੂੰ ਵੰਡਿਆ ਅਤੇ ਉਥੇ ਭਾਰਤ ਮਾਤਾ ਦੀ ਹੱਤਿਆ ਕੀਤੀ। ਭਾਰਤ ਇੱਕ ਆਵਾਜ਼ ਹੈ। ਇਹ ਕਿਸਾਨਾਂ ਅਤੇ ਇਹ ਗਰੀਬਾਂ ਦੀ ਆਵਾਜ਼ ਹੈ। ਤੁਸੀਂ ਇਸ ਆਵਾਜ਼ ਨੂੰ ਮਣੀਪੁਰ ਵਿੱਚ ਕਤਲ ਕੀਤਾ ਹੈ, ਇਸ ਤਰ੍ਹਾਂ ਤੁਸੀਂ ਉੱਥੇ ਭਾਰਤ ਮਾਤਾ ਨੂੰ ਕਤਲ ਕੀਤਾ ਹੈ। ਸੱਤਾਧਾਰੀ ਪਾਰਟੀ ਦੇ ਕਈ ਮੰਤਰੀਆਂ ਅਤੇ ਮੈਂਬਰਾਂ ਦੇ ਰੌਲੇ-ਰੱਪੇ ਦੌਰਾਨ ਰਾਹੁਲ ਨੇ ਕਿਹਾ ਕਿ ਭਾਜਪਾ ਦੇਸ਼ ਭਗਤ ਨਹੀਂ, ਗੱਦਾਰ ਹੈ। ਇਹ ਭਾਰਤ ਮਾਤਾ ਦੀ ਰਖਵਾਲੀ ਨਹੀਂ, ਭਾਰਤ ਮਾਤਾ ਦੀ ਕਾਤਲ ਹੋ। ਮੇਰੀ ਇੱਕ ਮਾਂ ਇੱਥੇ ਬੈਠੀ ਹੈ, ਮੇਰੀ ਇੱਕ ਮਾਂ ਭਾਰਤ ਮਾਤਾ ਹੈ।

ਰਾਹੁਲ ਗਾਂਧੀ ਨੇ ਆਪਣੀ ਮਣੀਪੁਰ ਫੇਰੀ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਦੀ ਇੱਕ ਵਾਰ ਵੀ ਉੱਥੇ ਨਾ ਜਾਣ ਲਈ ਆਲੋਚਨਾ ਕੀਤੀ। ਕਾਂਗਰਸ ਨੇਤਾ ਨੇ ਪਹਿਲਾਂ ਆਪਣੀ ਭਾਰਤ ਜੋੜੋ ਯਾਤਰਾ ਅਤੇ ਜਾਤੀ ਹਿੰਸਾ ਪ੍ਰਭਾਵਿਤ ਮਣੀਪੁਰ ਦੇ ਦੌਰੇ ਦਾ ਜ਼ਿਕਰ ਕੀਤਾ। ਸੱਤਾਧਾਰੀ ਪਾਰਟੀ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਤੁਸੀਂ ਮਣੀਪੁਰ ਵਿੱਚ ਮਿੱਟੀ ਦਾ ਤੇਲ ਛਿੜਕਿਆ ਹੈ। ਤੁਸੀਂ ਪੂਰੇ ਦੇਸ਼ ਨੂੰ ਅੱਗ ਲਾਉਣਾ ਚਾਹੁੰਦੇ ਹੋ। ਮਣੀਪੁਰ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੈ। ਵੱਡੀ ਗਿਣਤੀ ਵਿੱਚ ਔਰਤਾਂ ਅਤੇ ਬੱਚਿਆਂ ਵਿਰੁੱਧ ਹਿੰਸਾ ਦੀਆਂ ਭਿਆਨਕ ਘਟਨਾਵਾਂ ਵਾਪਰੀਆਂ ਹਨ। ਉੱਥੇ ਇੱਕ ਦਿਨ ਵਿੱਚ ਸ਼ਾਂਤੀ ਲਿਆਂਦੀ ਜਾ ਸਕਦੀ ਹੈ। ਉੱਥੇ ਫੌਜ ਤਾਇਨਾਤ ਕੀਤੀ ਜਾਏ ਤਾਂ ਸਥਿਤੀ ਨੂੰ ਆਮ ਵਾਂਗ ਕਰਨ ਵਿੱਚ ਜ਼ਿਆਦਾ ਸਮਾਂ ਨਹੀਂ ਲੱਗੇਗਾ। ਤੁਸੀਂ ਉੱਥੇ ਫੌਜ ਤਾਇਨਾਤ ਕਰੋ। ਹਰਿਆਣਾ ਅਤੇ ਦੇਸ਼ ਦੇ ਕਈ ਹੋਰ ਹਿੱਸਿਆਂ ’ਚ ਨਫਰਤ ਦਾ ਕੈਰੋਸੀਨ ਛਿੜਕ ਦਿੱਤਾ ਗਿਆ ਹੈ।

Leave a Reply

Your email address will not be published. Required fields are marked *