ਪੰਜਾਬੀ ਗਾਇਕ ਸਿੰਗਾ ’ਤੇ ਅਸ਼ਲੀਲਤਾ ਤੇ ਗੰਨ ਕਲਚਰ ਨੂੰ ਪ੍ਰਮੋਟ ਕਰਨ ਦੇ ਦੋਸ਼ ਹੇਠ ਕੇਸ ਦਰਜ

ਪੰਜਾਬੀ ਗਾਇਕ ਸਿੰਗਾ ’ਤੇ ਅਸ਼ਲੀਲਤਾ ਫੈਲਾਉਣ ਤੇ ਗੰਨ ਕਲਚਰ ਨੂੰ ਪ੍ਰਮੋਟ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਭੀਮ ਰਾਓ ਯੁਵਾ ਫੋਰਸ ਦੇ ਪ੍ਰਧਾਨ ਅਮਨਦੀਪ ਸਹੋਤਾ ਵਾਸੀ ਮੁਹੱਲਾ ਸ਼ਹਿਰੀਆਂ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਪੰਜਾਬੀ ਗਾਇਕ ਮਨਪ੍ਰੀਤ ਸਿੰਘ ਉਰਫ ਸਿੰਗਾ ਵਾਸੀ ਪਿੰਡ ਜਾਗਨੀਵਾਲ ਜ਼ਿਲ੍ਹਾ ਹੁਸ਼ਿਆਰਪੁਰ ਨੇ ਆਪਣੇ ਗੀਤਾਂ ’ਚ ਹਥਿਆਰਾਂ ਦਾ ਪ੍ਰਚਾਰ ਕਰ ਕੇ ਪੰਜਾਬ ਦੀ ਜਵਾਨੀ ਨੂੰ ਗਲਤ ਰਸਤੇ ’ਤੇ ਲੈ ਕੇ ਜਾਣ ਲਈ ਉਕਸਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਫਿਰ ਉਸਨੇ ਆਪਣੇ ਸਾਥੀਆਂ ਬਿਗ. ਕੇ. ਸਿੰਘ, ਅਮਨਦੀਪ ਸਿੰਘ, ਡੀ. ਓ. ਪੀ. ਵਿਰੁਨ ਵਰਮਾ ਉਰਫ ਸੋਨੂੰ ਗਿੱਲ ਤੇ ਜਤਿਨ ਅਰੋੜਾ ਨਾਲ ਮਿਲ ਕੇ ਇਕ ਮਹੀਨਾ ਪਹਿਲਾਂ ਨਵਾਂ ਗੀਤ ਲਾਂਚ ਕੀਤਾ ਹੈ, ਜਿਸ ’ਚ ਪੂਰੀ ਅਸ਼ਲੀਲਤਾ ਭਰੀ ਹੋਈ ਹੈ ਤੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਅਜਿਹੇ ਗੀਤ ਪਰਿਵਾਰ ’ਚ ਸੁਣਨ ਦੇ ਯੋਗ ਨਹੀਂ ਹਨ।

ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਭੀਮ ਰਾਓ ਯੁਵਾ ਫੋਰਸ ਦੇ ਪ੍ਰਧਾਨ ਦੀ ਸ਼ਿਕਾਇਤ ’ਤੇ ਗਾਇਕ ਸਮੇਤ 5 ਵਿਅਕਤੀਆਂ ਖਿਲਾਫ ਧਾਰਾ 294, 120 ‘ਬੀ’ ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਹੈ। ਆਈ.ਜੀ. ਹੈਡਕੁਆਟਰ ਡਾ. ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਸਰਕਾਰ ਵਲੋਂ ਗੰਨ ਕਲਚਰ ਨੂੰ ਰੋਕਣ ਸਬੰਧੀ ਕੀਤੇ ਗਏ ਹੁਕਮ ਤੋਂ ਬਾਅਦ ਲੋਕਾਂ ਵਿਚ ਕਈ ਤਰ੍ਹਾਂ ਦੀ ਗਲਤ ਜਾਣਕਾਰੀ ਫੈਲ ਗਈ ਹੈ, ਜਿਸ ’ਤੇ ਸਪੱਸ਼ਟਤਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਗੰਨ ਕਲਚਰ ਨੂੰ ਰੋਕਣ ਲਈ ਕਈ ਕਦਮ ਚੁੱਕੇ ਜਾ ਰਹੇ ਹਨ, ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਪੁਲਸ ਕੇਸ ਹੀ ਦਰਜ ਕਰਦੀ ਜਾਵੇਗੀ। ਉਨ੍ਹਾਂ ਕਿਹਾ ਕਿ ਇੰਝ ਹੀ ਇਕ ਘਟਨਾਕ੍ਰਮ ਵਿਚ ਗਲਤੀ ਸਾਹਮਣੇ ਆਉਣ ’ਤੇ ਸਬੰਧਤ ਪੁਲਸ ਮੁਲਾਜ਼ਮ ਖਿਲਾਫ਼ ਵਿਭਾਗੀ ਐਕਸ਼ਨ ਲਿਆ ਗਿਆ ਹੈ ਤੇ ਉਸ ਤੋਂ ਬਾਅਦ ਸਾਰੇ ਜ਼ਿਲ੍ਹਿਆਂ ਦੇ ਐੱਸ.ਐੱਸ.ਪੀਜ਼ ਤੇ ਪੁਲਸ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਹਥਿਆਰਾਂ ਦੇ ਖ਼ਿਲਾਫ਼ ਸਖ਼ਤੀ ਜਰੂਰੀ ਹੈ, ਪਰ ਐੱਫ.ਆਈ.ਆਰ. ਦਰਜ ਕਰਨ ਤੋਂ ਪਹਿਲਾਂ ਇਹ ਜਰੂਰੀ ਤੈਅ ਕਰ ਲਿਆ ਜਾਵੇ ਕਿ ਅਸਲੀਅਤ ਵਿਚ ਕਾਨੂੰਨ ਦਾ ਉਲੰਘਣ ਹੋਇਆ ਹੈ ਤੇ ਸਬੰਧਤ ਵਿਅਕਤੀ ਦੀ ਨੀਅਤ ਵੀ ਹਥਿਆਰਾਂ ਦੇ ਦਿਖਾਵੇ ਦੀ ਹੈ।

Leave a Reply

Your email address will not be published. Required fields are marked *