ਗਹਿਲੋਤ ਨੇ ਮੁਫਤ ਸਮਾਰਟਫੋਨ ਯੋਜਨਾ ਕੀਤੀ ਸ਼ੁਰੂ, ਪਹਿਲੇ ਪੜਾਅ ’ਚ 40 ਲੱਖ ਔਰਤਾਂ ਨੂੰ ਮਿਲਣਗੇ ਫੋਨ

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇੱਥੇ ਸੂਬਾ ਸਰਕਾਰ ਦੀ ਅਭਿਲਾਸ਼ੀ ਇੰਦਰਾ ਗਾਂਧੀ ਸਮਾਰਟਫੋਨ ਯੋਜਨਾ ਦੀ ਰਸਮੀ ਸ਼ੁਰੂਆਤ ਕੀਤੀ। ਇਸ ਯੋਜਨਾ ਦੇ ਪਹਿਲੇ ਪੜਾਅ ’ਚ ਸਰਕਾਰ 40 ਲੱਖ ਔਰਤਾਂ ਨੂੰ ਸਮਾਰਟਫੋਨ ਦੇਵੇਗੀ। ਇਸ ਮੌਕੇ ਗਹਿਲੋਤ ਨੇ ਕਿਹਾ ਕਿ ਅਸੀਂ ਜੋ ਵਾਅਦੇ ਕਰਦੇ ਹਾਂ, ਉਹ ਨਿਭਾਉਂਦੇ ਹਾਂ। ਇੱਥੇ ਬਿਰਲਾ ਆਡੀਟੋਰੀਅਮ ’ਚ ਗਹਿਲੋਤ ਨੇ ਰਿਮੋਟ ਦਾ ਬਟਨ ਦਬਾ ਕੇ ਯੋਜਨਾ ਦਾ ਰਸਮੀ ਉਦਘਾਟਨ ਕੀਤਾ। ਉਨ੍ਹਾਂ ਕੁਝ ਲਾਭ ਪਾਤਰੀਆਂ ਨੂੰ ਸਮਾਰਟਫੋਨ ਵੀ ਪ੍ਰਦਾਨ ਕੀਤੇ। ਹਰ ਪਰਿਵਾਰ ਤੱਕ ਮੋਬਾਇਲ ਫੋਨ ਪਹੁੰਚਾਉਣ ਦੀ ਇੱਛਾ ਪ੍ਰਗਟਾਉਂਦਿਆਂ ਗਹਿਲੋਤ ਨੇ ਕਿਹਾ ਕਿ ਇਹ ਮਹਿਲਾ ਸਸ਼ਕਤੀਕਰਨ ਦਾ ਵੱਡਾ ਮਾਧਿਅਮ ਬਣੇਗਾ। ਗਹਿਲੋਤ ਨੇ 400 ਤੋ ਵੱਧ ਮੋਬਾਇਲ ਵੰਡ ਕੇਂਦਰਾਂ ਦੇ ਉਦਘਾਟਨ ਦੇ ਨਾਲ ਇੰਦਰਾ ਗਾਂਧੀ ਸਮਾਰਟਫੋਨ ਯੋਜਨਾ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਕੀਤੀ ਹੈ। ਗਹਿਲੋਤ ਨੇ ਕੇਂਦਰ ਸਰਕਾਰ ’ਤੇ ਦੇਸ਼ ’ਚ ਮਾਹੌਲ ਖ਼ਰਾਬ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਹੈ ਕਿ ਦੇਸ਼ ’ਚ ਪ੍ਰੇਮ ਅਤੇ ਭਾਈਚਾਰੇ ਦਾ ਸੁਨੇਹਾ ਦੇਣ ਲਈ ਆਉਂਦੀ 2 ਅਕਤੂਬਰ ਨੂੰ ਅਸੀਂ ਇਕ ਵੱਡੀ ਰੈਲੀ ਕਰਾਂਗੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਹਾਲਾਤ ਗੰਭੀਰ ਹਨ, ਲੋਕ ਨਾ ਸਮਝਣ ਤਾਂ ਉਨ੍ਹਾਂ ਨੂੰ ਨਤੀਜਾ ਭੁਗਤਣਾ ਪਵੇਗਾ। ਦੇਸ਼ ਦੇ ਮੌਜੂਦਾ ਹਾਲਾਤ ’ਚ ਗਾਂਧੀ ਫਲਸਫਾ ਵਧੇਰੇ ਉਚਿਤ ਹੈ।

ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਬਿਜਲੀ ਬਿਲ ’ਚ ਫਿਊਲ ਸਰਚਾਰਜ ਨੂੰ ਖ਼ਤਮ ਕਰਨ ਦਾ ਐਲਾਨ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਘਰੇਲੂ ਅਤੇ ਖੇਤੀਬਾੜੀ ਖਪਤਕਾਰਾਂ ਦੇ ਬਿਜਲੀ ਬਿੱਲਾਂ ’ਚ ਹੁਣ ਕੋਈ ਸਰਚਾਰਜ ਨਹੀਂ ਲੱਗੇਗਾ ਅਤੇ ਇਸ ਦੇ ਲਈ ਕਰੀਬ ਢਾਈ ਹਜ਼ਾਰ ਕਰੋਡ਼ ਰੁਪਏ ਦਾ ਭਾਰ ਸਰਕਾਰ ਸਹਿਣ ਕਰੇਗੀ। ਉਨ੍ਹਾਂ ਕਿਹਾ ਕਿ ਹੁਣ 200 ਯੂਨਿਟ ਤੋਂ ਵੱਧ ਬਿਜਲੀ ਖਰਚ ਕਰਨ ’ਤੇ ਵੀ ਖਪਤਕਾਰਾਂ ਨੂੰ ਫਿਊਲ ਸਰਚਾਰਜ ਨਹੀਂ ਦੇਣਾ ਪਵੇਗਾ। ਇਸ ਤੋਂ ਇਲਾਵਾ ਸੂਬੇ ’ਚ ਰਿਹਾਇਸ਼ੀ ਸਕੂਲਾਂ ਦੇ ਵਿਕਾਸ ਲਈ 21.56 ਕਰੋੜ ਰੁਪਏ ਮਨਜ਼ੂਰ ਕੀਤੇ ਗਏ। ਰਾਜਸਥਾਨ ਯੂਨੀਵਰਸਿਟੀ ’ਚ 6 ਕਰੋੜ ਦੀ ਲਾਗਤ ਨਾਲ ਸਿੰਥੈਟਿਕ ਟ੍ਰੈਕ ਵੀ ਬਣਾਇਆ ਜਾਵੇਗਾ।

Leave a Reply

Your email address will not be published. Required fields are marked *