‘ਯੂ. ਪੀ. ਆਈ. ਲਾਈਟ’ ’ਤੇ ਇਕ ਵਾਰ ’ਚ ਭੁਗਤਾਨ ਦੀ ਲਿਮਟ 200 ਤੋਂ ਵਧਾ ਕੇ 500 ਰੁਪਏ ਕਰਨ ਦਾ ਪ੍ਰਸਤਾਵ

ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਡਿਜੀਟਲ ਭੁਗਤਾਨ ਦੀ ਪਹੁੰਚ ਅਤੇ ਇਸਤੇਮਾਲ ਨੂੰ ਹੋਰ ਵਧਾਉਣ ਲਈ ‘ਯੂ. ਪੀ. ਆਈ. ਲਾਈਟ’ ਉੱਤੇ ਆਫਲਾਈਨ ਮਾਧਿਅਮ ਰਾਹੀਂ ਇਕ ਵਾਰ ’ਚ ਭੁਗਤਾਨ ਦੀ ਲਿਮਟ ਨੂੰ 200 ਰੁਪਏ ਤੋਂ ਵਧਾ ਕੇ 500 ਰੁਪਏ ਕਰਨ ਦਾ ਪ੍ਰਸਤਾਵ ਕੀਤਾ ਹੈ। ਮੁਦਰਾ ਨੀਤੀ ਕਮੇਟੀ (ਐੱਮ. ਪੀ. ਸੀ.) ਦੀ ਮੰਗਲਵਾਰ ਤੋਂ ਸ਼ੁਰੂ ਹੋਈ ਤਿੰਨ ਦਿਨਾਂ ਬੈਠਕ ’ਚ ਕੀਤੇ ਗਏ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਆਰ. ਬੀ. ਆਈ. ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਯੂ. ਪੀ. ਆਈ. ’ਤੇ ਛੋਟੇ ਮੁੱਲ ਦੇ ਲੈਣ-ਦੇਣ ਦੀ ਰਫਤਾਰ ਵਧਾਉਣ ਲਈ ਸਤੰਬਰ, 2022 ਵਿਚ ‘ਯੂ. ਪੀ. ਆਈ. ਲਾਈਟ’ ਨੂੰ ਲਿਆਂਦਾ ਗਿਆ ਸੀ। ਇਸ ਨੂੰ ਉਤਸ਼ਾਹ ਦੇਣ ਲਈ ‘ਨੀਅਰ ਫੀਲਡ ਕਮਿਊਨੀਕੇਸ਼ਨ (ਐੱਨ. ਐੱਫ. ਸੀ.) ਤਕਨੀਕ ਦੀ ਵਰਤੋਂ ਕਰ ਕੇ ਆਫਲਾਈਨ ਲੈਣ-ਦੇਣ ਦੀ ਸਹੂਲਤ ਮੁਹੱਈਆ ਕਰਨ ਦਾ ਪ੍ਰਸਤਾਵ ਹੈ। ਉਨ੍ਹਾਂ ਨੇ ਕਿਹਾ ਕਿ ਛੋਟੇ ਮੁੱਲ ਦੇ ਡਿਜੀਟਲ ਭੁਗਤਾਨ ਲਈ ਨੈਸ਼ਨਲ ਕਾਮ ਮੋਬਿਲਿਟੀ ਕਾਰਡ (ਐੱਨ. ਸੀ. ਐੱਮ. ਸੀ.) ਅਤੇ ਯੂ. ਪੀ. ਆਈ. ਲਾਈਟ ਸਮੇਤ ਆਫਲਾਈਨ ਮੰਚ ਤੋਂ ਇਕ ਵਾਰ ’ਚ 200 ਰੁਪਏ ਭੇਜਣ ਦੀ ਲਿਮਟ ਨੂੰ ਵਧਾ ਕੇ 500 ਰੁਪਏ ਕਰਨ ਦਾ ਪ੍ਰਸਤਾਵ ਹੈ। ਹਾਲਾਂਕਿ ਹੁਣ ਵੀ ਕੁੱਲ ਭੁਗਤਾਨ ਲਿਮਟ 2000 ਰੁਪਏ ਦੀ ਰਹੇਗੀ। ਇਸ ਦਾ ਮਕਸਦ ਭੁਗਤਾਨ ਦੇ ਇਸ ਤਰੀਕੇ ਦੀ ਸਵੀਕਾਰਯੋਗਤਾ ਵਧਾਉਣਾ ਹੈ।

ਦਾਸ ਨੇ ਕਿਹਾ ਕਿ ਇਹ ਸਹੂਲਤ ਨਾ ਸਿਰਫ ਪ੍ਰਚੂਨ ਖੇਤਰ ਨੂੰ ਡਿਜੀਟਲ ਤੌਰ ’ਤੇ ਸਮਰੱਥ ਬਣਾਏਗੀ ਸਗੋਂ ਜਿੱਥੇ ਇੰਟਰਨੈੱਟ/ਦੂਰਸੰਚਾਰ ਸੰਪਰਕ ਕਮਜ਼ੋਰ ਹੈ ਜਾਂ ਮੁਹੱਈਆ ਨਹੀਂ ਹੈ, ਉੱਥੇ ਘੱਟ ਰਾਸ਼ੀ ਦਾ ਲੈਣ-ਦੇਣ ਇਸ ਨਾਲ ਸੰਭਵ ਹੋ ਸਕੇਗਾ।

ਉੱਥੇ ਹੀ ਨਵੇਂ ਭੁਗਤਾਨ ਮੋਡ ਅਰਥਾਤ ਯੂ. ਪੀ. ਆਈ. (ਏਕੀਕ੍ਰਿਤ ਭੁਗਤਾਨ ਪ੍ਰਣਾਲੀ) ਉੱਤੇ ‘ਕਨਵਰਸੇਸ਼ਨਲ ਪੇਮੈਂਟਸ’ (ਸੰਵਾਦਾਤਮਕ ਭੁਗਤਾਨ) ਦੀ ਸਹੂਲਤ ਸ਼ੁਰੂ ਕਰਨ ਜਾ ਰਿਹਾ ਹੈ। ਆਰ. ਬੀ. ਆਈ. ਵਲੋਂ ਜਾਰੀ ਬਿਆਨ ਮੁਤਾਬਕ ਇਸ ਦੇ ਰਾਹੀਂ ਯੂਜ਼ਰ ਲੈਣ-ਦੇਣ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਯਾਨੀ ਏ. ਆਈ-ਸੰਚਾਲਿਤ ਪ੍ਰਣਾਲੀ ਨਾਲ ਸੰਵਾਦ ਸਥਾਪਿਤ ਕਰ ਸਕਣਗੇ। ਇਹ ਪੂਰੀ ਤਰ੍ਹਾਂ ਸੁਰੱਖਿਅਤ ਲੈਣ-ਦੇਣ ਹੋਵੇਗਾ। ਇਹ ਬਦਲ ਸਮਾਰਟਫੋਨ ਅਤੇ ਫੀਚਰ ਫੋਨ ਆਧਾਰਿਤ ਯੂ. ਪੀ. ਮੰਚ ਦੋਹਾਂ ’ਚ ਛੇਤੀ ਮੁਹੱਈਆ ਹੋਵੇਗਾ। ਇਸ ਨਾਲ ਡਿਜੀਟਲ ਖੇਤਰ ਦਾ ਵਿਸਤਾਰ ਹੋਵੇਗਾ। ਹਿੰਦੀ ਅਤੇ ਅੰਗਰੇਜ਼ੀ ਤੋਂ ਬਾਅਦ ਇਸ ਨੂੰ ਹੋਰ ਭਾਰਤੀ ਭਾਸ਼ਾਵਾਂ ’ਚ ਮੁਹੱਈਆ ਕਰਵਾਇਆ ਜਾਏਗਾ। ਆਰ. ਬੀ. ਆਈ. ਮੁਤਾਬਕ ਇਨ੍ਹਾਂ ਸਾਰੇ ਐਲਾਨ ਦੇ ਸਬੰਧ ਵਿਚ ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (ਐੱਨ. ਪੀ. ਸੀ.ਆਈ.) ਨੂੰ ਨਿਰਦੇਸ਼ ਛੇਤੀ ਜਾਰੀ ਕੀਤੇ ਜਾਣਗੇ।

Leave a Reply

Your email address will not be published. Required fields are marked *