2024 ਦੀਆਂ ਲੋਕ ਸਭਾ ਚੋਣਾਂ ’ਚ ਐੱਨ. ਡੀ. ਏ. ਦਾ ਹੋ ਜਾਏਗਾ ਸਫਾਇਆ : ਨਿਤੀਸ਼

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਦਾਅਵਾ ਕੀਤਾ ਹੈ ਕਿ ਰਾਸ਼ਟਰੀ ਜਮਹੂਰੀ ਗਠਜੋੜ (ਐੱਨ. ਡੀ. ਏ.) ’ਚ ਸ਼ਾਮਲ ਕਈ ਭਾਈਵਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਨੂੰ ‘ਡਰ’ ਕਾਰਨ ਹਮਾਇਤ ਦੇ ਰਹੇ ਹਨ ਅਤੇ ਉਹ ਚੋਣਾਂ ਦੌਰਾਨ ਪਾਲਾ ਬਦਲ ਲੈਣਗੇ। ਇਹ ਪੁੱਛੇ ਜਾਣ ’ਤੇ ਕਿ ਕੀ ਉਨ੍ਹਾਂ ਨੂੰ ਲੱਗਦਾ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਐੱਨ.ਡੀ.ਏ. ਦਾ ਸਫਾਇਆ ਹੋ ਜਾਵੇਗਾ ਤਾਂ ਨਿਤੀਸ਼ ਕੁਮਾਰ ਨੇ ਕਿਹਾ ਬਿਲਕੁਲ। ਮੋਦੀ ਦੀ ‘ਘਮੰਡੀਆ’ ਟਿੱਪਣੀ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਅਸੀਂ ਸਾਰਿਆਂ ਨੇ ਦੇਸ਼ ਦੇ ਭਲੇ ਲਈ ਹੱਥ ਮਿਲਾਇਆ ਹੈ। ਭਾਜਪਾ ਵਾਲੇ ਨਹੀਂ ਜਾਣਦੇ ਕਿ ਕਈ ਪਾਰਟੀਆਂ, ਜਿਨ੍ਹਾਂ ਦਾ ਮੈਂ ਹੁਣ ਨਾਂ ਨਹੀਂ ਲਵਾਂਗਾ, ਡਰ ਕਾਰਨ ਹੀ ਭਾਜਪਾ ਨਾਲ ਹਨ। ਚੋਣਾਂ ਦਾ ਐਲਾਨ ਹੋਣ ’ਤੇ ਉਹ ਸਾਡੇ ਵਲ ਆਉਣਗੀਆਂ।

ਇਕ ਸਾਲ ਪਹਿਲਾਂ ਭਾਜਪਾ ਤੋਂ ਵੱਖ ਹੋਣ ਵਾਲੇ ਨਿਤੀਸ਼ ਨੇ ਬੇਭਰੋਸਗੀ ਮਤੇ ’ਤੇ ਬਹਿਸ ਤੋਂ ਪਹਿਲੇ ਦੋ ਦਿਨਾਂ ਦੌਰਾਨ ਸੰਸਦ ’ਚੋਂ ਮੋਦੀ ਦੀ ਗੈਰ-ਹਾਜ਼ਰੀ ’ਤੇ ਵੀ ਪਰਦਾ ਉਠਾਇਅਾ। ਉਨ੍ਹਾਂ ਵਿਅੰਗਮਈ ਢੰਗ ਨਾਲ ਕਿਹਾ ਸੈਸ਼ਨ ਚੱਲ ਰਿਹਾ ਹੈ ਅਤੇ ਲੋਕ ਇੱਧਰ-ਉੱਧਰ ਘੁੰਮਦੇ ਹਨ। ਇਹ ਉਹ ਸਮਾਂ ਨਹੀਂ ਹੈ ਜੋ ਅਟਲ ਬਿਹਾਰੀ ਵਾਜਪਾਈ ਦੇ ਸਮੇ ਸੀ। ਮੈਂ ਉਨ੍ਹਾਂ ਦੇ ਮੰਤਰੀਆਂ ਵਿੱਚੋਂ ਇੱਕ ਸੀ। ਅਸੀਂ ਇਸ ਗੱਲ ਦਾ ਧਿਆਨ ਰੱਖਦੇ ਸੀ ਕਿ ਅਸੀਂ ਹਾਊਸ ਵਿੱਚ ਰਹਿ ਕੇ ਕਾਰਵਾਈ ਵੱਲ ਧਿਆਨ ਦੇਈਏ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੇ ਮਣੀਪੁਰ ਦੇ ਮੁੱਦੇ ਅਤੇ ਦੇਸ਼ ਨੂੰ ਦਰਪੇਸ਼ ਹੋਰ ਸਮੱਸਿਆਵਾਂ ਨੂੰ ਉਜਾਗਰ ਕਰ ਕੇ ਆਪਣਾ ਫਰਜ਼ ਨਿਭਾਇਆ ਹੈ। ਜਦੋਂ ਉਨ੍ਹਾਂ ਦਾ ਧਿਆਨ ਭਾਜਪਾ ਵਲੋਂ ਮਹਾਂ ਗਠਜੋੜ ਨੂੰ ਹਰਾਉਣ ਦੇ ਦਾਅਵਿਆਂ ਵੱਲ ਖਿੱਚਿਆ ਗਿਆ ਤਾਂ ਉਨ੍ਹਾਂ ਭਾਜਪਾ ’ਤੇ ਨਿਸ਼ਾਨਾ ਵਿੰਨ੍ਹਿਆ ਤੇ ਕਿਹਾ ਮੌਜੂਦਾ ਭਾਜਪਾ ਲੀਡਰਸ਼ਿਪ ਹੋਰ ਤਰਜੀਹਾਂ ਵਲ ਧਿਆਨ ਦੇ ਵਰਹੀ ਹੈ। ਉਨ੍ਹਾਂ ਬਿਹਾਰ ਨੂੰ ਵਿਸ਼ੇਸ਼ ਦਰਜਾ ਦੇਣ ਤੋਂ ਇਨਕਾਰ ਕਰਨ ਅਤੇ ਸੂਬਾ ਸਰਕਾਰ ਵਲੋਂ ਸ਼ੁਰੂ ਕੀਤੀਆਂ ਯੋਜਨਾਵਾਂ ਦਾ ਸਿਹਰਾ ਲੈਣ ਦੀ ਕਥਿਤ ਕੋਸ਼ਿਸ਼ਾਂ ਦੀ ਸ਼ਿਕਾਇਤ ਕੀਤੀ। ਅਸੀਂ ਹਰ ਘਰ ਨੂੰ ਪਾਣੀ ਅਤੇ ਹਰ ਪਿੰਡ ਨੂੰ ਬਿਜਲੀ ਪਹੁੰਚਾਈ, ਪਰ ਉਹ ਇਸ ਨੂੰ ਆਪਣੀਆਂ ਪ੍ਰਾਪਤੀਆਂ ਵਜੋਂ ਪੇਸ਼ ਕਰਨਾ ਚਾਹੁੰਦੇ ਹਨ।

Leave a Reply

Your email address will not be published. Required fields are marked *